3 ਲੱਖ ਦੀ ਜਾਅਲੀ ਕਰੰਸੀ ਸਣੇ ਕਾਬੂ ਕੀਤੇ ਮੁਲਜ਼ਮਾਂ ਦੀ ਗਿਣਤੀ ਹੋਈ 4

04/24/2019 12:36:15 PM

ਫ਼ਰੀਦਕੋਟ (ਰਾਜਨ) - ਬਾਤੇ ਦਿਨ ਪੁਲਸ ਵਲੋਂ ਇਕ ਪਿਸਟਲ 32 ਬੋਰ, 3 ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਇਕ ਮੋਟਰਸਾਈਕਲ ਸਣੇ ਪਹਿਲਾਂ ਇਕ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਸੀ। ਮੁਲਜ਼ਮ ਬਲਵਿੰਦਰ ਸਿੰਘ ਵਾਸੀ ਬਠਿੰਡਾ ਰੋਡ ਜੈਤੋ ਨੇ ਤਫ਼ਤੀਸ਼ ਦੌਰਾਨ ਮੰਨਿਆ ਕਿ ਉਸ ਨੇ ਇਹ ਜਾਅਲੀ ਕਰੰਸੀ ਬਲਜੀਤ ਸਿੰਘ ਉਰਫ਼ ਜੀਤ ਅਤੇ ਜਗਸੀਰ ਸਿੰਘ ਤੋਂ ਲਈ ਸੀ, ਜਿਸ ਦੇ ਆਧਾਰ 'ਤੇ ਪੁਲਸ ਨੇ ਛਾਪੇਮਾਰੀ ਕਰਦਿਆਂ ਉਕਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ।

ਸੇਵਾ ਸਿੰਘ ਮੱਲ੍ਹੀ ਐੱਸ. ਪੀ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਸੀਰ ਸਿੰਘ ਕੋਲੋਂ ਇਕ ਕਟਰ ਅਤੇ 500-500 ਦੇ 2 ਜਾਅਲੀ ਨੋਟ ਤੇ ਬਲਜੀਤ ਸਿੰਘ ਕੋਲੋਂ 500-500 ਦੇ 2 ਜਾਅਲੀ ਨੋਟ ਬਰਾਮਦ ਹੋਏ ਹਨ। ਉਕਤ ਦੋਵਾਂ ਨੇ ਤਫ਼ਤੀਸ਼ ਦੌਰਾਨ ਦੱਸਿਆ ਕਿ ਪ੍ਰਿੰਟਰ ਤੇ ਸਕੈਨਰ ਨਾਲ ਇਹ ਨੋਟ ਤਿਆਰ ਕੀਤੇ ਜਾਂਦੇ ਹਨ ਅਤੇ ਇਹ ਬੰਤਾ ਸਿੰਘ ਪੁੱਤਰ ਜ਼ੋਰਾ ਸਿੰਘ ਕੋਲ ਹੈ, ਜਿਸ 'ਤੇ ਪੁਲਸ ਪਾਰਟੀ ਵਲੋਂ ਰੇਡ ਮਾਰ ਕੇ ਉਕਤ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਦੌਰਾਨ ਉਸ ਤੋਂ ਬਰਾਮਦ ਹੋਏ ਸਕੈਨਰ-ਕਮ-ਪ੍ਰਿੰਟਰ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰਾਂ ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਜਾਰੀ ਹੈ। ਇਸ ਮੌਕੇ ਸੀ. ਆਈ. ਏ. ਸਟਾਫ ਦੇ ਮੁਖੀ ਇੰਸਪੈਕਟਰ ਨਰਿੰਦਰ ਸਿੰਘ, ਸਬ-ਇੰਸਪੈਕਟਰ ਗੁਰਲਾਲ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਸਿੰਘ ਵੀ ਹਾਜ਼ਰ ਸਨ।

rajwinder kaur

This news is Content Editor rajwinder kaur