ਘੱਗਰ ਦਰਿਆ ਕਿਨਾਰੇ ਕੱਚੇ ਬੰਨ੍ਹ ''ਤੇ ਕੱਟੀ ਕਾਲੋਨੀ, ਹੜ੍ਹ ਪ੍ਰਭਾਵਿਤ ਖੇਤਰ ਕਾਰਨ ਲੋਕਾਂ ''ਚ ਖ਼ੌਫ਼

10/20/2020 5:59:59 PM

ਸੰਗਰੂਰ (ਬੇਦੀ): ਖਨੌਰੀ ਦੇ ਘੱਗਰ ਦਰਿਆ ਦੇ ਕਿਨਾਰੇ ਜਾਅਲੀ ਕਾਗਜਾਤਾਂ ਨਾਲ ਨਵੀਂ ਕਾਲੋਨੀ ਨੂੰ ਪੁਰਾਣੀ ਦੱਸ ਕੇ ਪਾਸ ਕਰਵਾਇਆ ਗਿਆ। ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੋਕਾਂ ਦੀ ਸੁਰੱਖਿਆ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਕਲੋਨੀ ਦੀ ਜ਼ਮੀਨ ਹੜ ਪ੍ਰਭਾਵਿਤ ਖੇਤਰ 'ਚ ਹੈ ਜਿਸਨੂੰ ਐੱਨ.ਓ.ਸੀ. ਦਿੱਤਾ ਜਾਣਾ ਵੱਡੀ ਲਾਹਪ੍ਰਵਾਹੀ ਸਾਬਿਤ ਹੋ ਸਕਦੀ ਹੈ।

ਉਕਤ ਸ਼ਬਦਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਮੋਤੀ ਲਾਲ ਛਾਂਛੀਆ ਅਤੇ ਮੌਜੂਦਾ ਸੀਨੀਅਰ ਉਪ ਪ੍ਰਧਾਨ ਗੁਰਮੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਹੇ। ਉਨ੍ਹਾਂ ਮੁਤਾਬਕ ਕੋਰਟ ਵੀ ਸਬੰਧਿਤ ਵਿਭਾਗ ਨੂੰ ਉਨ੍ਹਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਨ ਦੇ ਆਦੇਸ਼ ਦੇ ਚੁੱਕੀ ਹੈ। ਉਨ੍ਹਾਂ ਨੇ ਕਲੋਨੀ ਦੇ ਨਿਰਮਾਣ ਕਾਰਜ ਰੋਕਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਖਨੌਰੀ 'ਚ ਨੈਸ਼ਨਲ ਹਾਈਵੇ 52 'ਤੇ ਘੱਗਰ ਦਰਿਆ ਦੇ ਕਿਨਾਰੇ ਕਾਲੋਨਾਇਜ਼ਰ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕਲੋਨੀ ਦੇ ਜਾਅਲੀ ਕਾਗਜ਼ਾਤ ਤਿਆਰ ਕਰਵਾ ਕੇ ਨਵੀਂ ਕਲੋਨੀ ਨੂੰ ਪੁਰਾਣੀ ਦਿਖਾਕੇ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਇਸਨੂੰ ਪਾਸ ਕਰਵਾ ਲਿਆ ਹੈ।

ਉਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਨੇ 2018 'ਚ ਨਗਰ ਪੰਚਾਇਤ ਅਤੇ ਨਗਰ ਕੌਸਲਾਂ ਦੇ ਈ.ਓ. ਤੋਂ ਉਨ੍ਹਾਂ ਦੀ ਸੀਮਾ 'ਚ ਨਾਜ਼ਾਇਜ਼ ਕਲੋਨੀਆਂ ਦੀ ਸੂਚੀ ਮੰਗੀ ਸੀ ਤਾਂ ਕਿ ਪਾਲਿਸੀ ਦੇ ਆਧਾਰ ਤੇ ਉਨ੍ਹਾਂ ਨੂੰ ਰੈਂਗੂਲਰ ਕੀਤਾ ਜਾ ਸਕੇ।ਉਸ ਸਮੇਂ ਨਗਰ ਪੰਚਾਇਤ ਖਨੌਰੀ ਵਲੋਂ ਡਿਪਟੀ ਡਾਇਰੈਕਟਰ ਨੂੰ ਭੇਜੀ ਗਈ ਸੂਚਨਾ 'ਚ ਈ ਕਲੋਨੀ ਸ਼ਾਮਲ ਨਹੀਂ ਸੀ ਕਿਉਂਕਿ ਉਸ ਸਮੇਂ ਇਹ ਕਲੋਨੀ ਨਹੀਂ ਕੱਟੀ ਗਈ ਸੀ।ਗੁਰਮੀਤ ਸਿੰਘ ਨੇ ਦੱਸਿਆ ਕਿ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਕਈ ਵਾਰ ਸ਼ਿਕਾਇਤ ਕਰਨ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਮੋਤੀ ਲਾਲ ਨੇ ਕਿਹਾ ਕਿ ਜਿੱਥੇ ਕਲੋਨੀ ਕੱਟੀ ਗਈ ਉੱਥੇ ਵੀ ਕੱਚਾ ਬੰਨ੍ਹ ਬਣਾਇਆ ਗਿਆ ਹੈ ਜਿਸ ਨਾਲ ਲੋਕਾਂ ਦੀ ਸੁਰੱਖਿਆ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ।ਉਨ੍ਹਾਂ ਮੰਗ ਕੀਤੀ ਕਿ ਜਾਅਲੀ ਕਾਗਜਾਤਾਂ ਦੀ ਜਾਂਚ ਕਰਵਾ ਕੇ ਮਾਮਲੇ 'ਚ ਸ਼ਾਮਲ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਹੈ ਕਲੋਨਾਇਜਰ ਦਾ
ਇਸ ਸਬੰਧੀ ਗੱਬਲਾਤ ਕਰਦੇ ਹੋਏ ਕਲੋਨਾਇਜਰ ਮੋਹਨ ਲਾਲ ਗੁਪਤਾ ਨੇ ਕਿਹਾ ਕਿ ਕਾਨੂੰਨੀ ਢੰਗ ਨਾਲ ਇਕ ਕਲੋਨੀ ਪਾਸ ਕਰਵਾਈ ਗਈ ਜਾਅਲੀ ਕਾਗਜਾਤ ਲਗਾਉਣ ਦਾ ਦੋਸ਼ ਬਿਲਕੁੱਲ ਗਲ਼ਤ ਹੈ। ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ।

ਕੀ ਕਹਿਣਾ ਹੈ ਈ.ਓ. ਦਾ
ਉਕਤ ਮਾਮਲੇ ਸਬੰਧੀ ਨਗਰ ਪੰਚਾਇਤ ਦੇ ਈ.ਓ. ਮੁਕੇਸ਼ ਸਿੰਗਲਾ ਨੇ ਕਿਹਾ ਕਿ ਵਿਭਾਗ ਦੀ 7 ਮੈਂਬਰੀ ਕਮੇਟੀ ਵਲੋਂ ਕਲੋਨੀ ਨੂੰ ਪਾਸ ਕੀਤਾ ਗਿਆ ਹੈ। ਕਲੋਨੀ ਸਬੰਧੀ ਕਈ ਫਾਇਲਾਂ ਨਗਰ ਪੰਚਾਇਤ 'ਚੋਂ ਚੋਰੀ ਕੀਤੀ ਗਈਆਂ ਹਨ ਜਿਸਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਗਈ ਹੈ।


Shyna

Content Editor

Related News