ਫੈਕਟਰੀ ਅਚਾਨਕ ਬੰਦ ਹੋਣ ''ਤੇ 1800 ਵਰਕਰਾਂ ਦੇ ਪਰਿਵਾਰ ਭੁੱਖੇ ਮਰਨ ਲਈ ਮਜਬੂਰ

06/02/2020 4:37:34 PM

ਨਾਭਾ (ਜੈਨ) : ਸਥਾਨਕ ਪਟਿਆਲਾ ਰੋਡ ’ਤੇ ਸਥਿਤ ਹਾਰਲਿਕਸ ਫੈਕਟਰੀ ਦੇ ਅਚਾਨਕ ਬੰਦ ਹੋ ਜਾਣ ਨਾਲ 1400 ਪੱਕੇ (ਰੈਗੂਲਰ), ਲਗਭਗ 200 ਕੱਚੇ ਵਰਕਰਾਂ ਅਤੇ 200 ਠੇਕਾ ਮੁਲਾਜ਼ਮਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਤਨਖਾਹਾਂ ਨਾ ਮਿਲਣ ਕਾਰਨ ਵਰਕਰਾਂ ਦੇ ਪਰਿਵਾਰ ਭੁੱਖੇ ਮਰਨ ਲਈ ਮਜਬੂਰ ਹਨ। ਇਹ ਫੈਕਟਰੀ ਹਾਰਲਿਕਸ, ਬੂਸਟ, ਗੋਪਿਕਾ ਦੇਸੀ ਘਿਓ ਸਮੇਤ ਕਈ ਵਸਤਾਂ ਤਿਆਰ ਕਰਦੀ ਹੈ। ਪਹਿਲਾਂ ਗਲੈਕਸੋ ਸਮਿਥ ਕਲਾਇਨ ਕੰਪਨੀ ਇਸ ਫੈਕਟਰੀ ਨੂੰ ਚਲਾਉਂਦੀ ਸੀ ਪਰ ਹੁਣ ਹਿੰਦੁਸਤਾਨ ਯੂਨੀਲਿਵਰ ਕੰਪਨੀ ਨੇ ਫੈਕਟਰੀ ਲੈ ਲਈ ਸੀ।

ਫੈਕਟਰੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ 'ਚ ਦੱਸਿਆ ਕਿ ਫੈਕਟਰੀ ਮੈਨੇਜਮੈਂਟ ਨੇ ਤਾਲਾਬੰਦੀ ਦੌਰਾਨ ਕੀਤੇ ਗਏ ਕੰਮ ਦੀ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀ, ਜਦੋਂ ਕਿ ਪ੍ਰਧਾਨ ਮੰਤਰੀ ਤੇ ਕੇਂਦਰੀ ਸਰਕਾਰ ਨੇ ਤਨਖਾਹਾਂ ਨਾ ਕੱਟਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਕੰਪਨੀ ਵਲੋਂ ਪਿਛਲੇ ਡੇਢ ਸਾਲਾਂ ਤੋਂ ਤਿੰਨ ਸਾਲਾਂ ਬਾਅਦ ਹੋਣ ਵਾਲਾ ਐਗਰੀਮੈਂਟ ਵੀ ਨਹੀਂ ਕੀਤਾ ਗਿਆ। ਯੂਨੀਅਨ ਆਗੂਆਂ ਅਨੁਸਾਰ ਮੈਨੇਜਮੈਂਟ ਵੱਲੋਂ 23 ਮਈ ਤੋਂ ਵਰਕਰਾਂ ਨੂੰ ਫੈਕਟਰੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਵਰਕਰ ਕੰਮ ਲਈ ਆਉਂਦੇ ਹਨ ਅਤੇ ਮਾਯੂਸ ਹੋ ਕੇ ਵਾਪਸ ਚਲੇ ਜਾਂਦੇ ਹਨ, ਜਦੋਂ ਕਿ ਪ੍ਰਬੰਧਕੀ ਸਟਾਫ ਫੈਕਟਰੀ ਅੰਦਰ ਕੰਮ ਕਰਦਾ ਹੈ।

ਫੈਕਟਰੀ ਗੇਟ ਬੰਦ ਹੋਣ ਕਾਰਨ ਸਥਿਤੀ ਤਣਾਅਪੂਰਨ ਹੋ ਰਹੀ ਹੈ। ਡੀ. ਐਸ. ਪੀ. ਰਾਜੇਸ਼ ਛਿੱਬਡ਼ ਅਨੁਸਾਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ, ਜਦੋਂ ਕਿ ਸਹਾਇਕ ਲੇਬਰ ਕਮਿਸ਼ਨਰ ਜੇ. ਪੀ. ਸਿੰਘ ਵਲੋਂ ਮੀਟਿੰਗਾਂ ਜਾਰੀ ਹਨ ਪਰ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਫੈਕਟਰੀ ਦੇ ਡਾਇਰੈਕਟਰ ਐਸ. ਸਰਤ ਰਾਘਵ ਰਾਓ ਨੇ ਮੀਡੀਆ ਨਾਲ ਗੱਲਬਾਤ ਤੋਂ ਸਾਫ ਇਨਕਾਰ ਕਰ ਰੱਖਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲਾ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਹਲਕੇ ਦੀ ਸਭ ਤੋਂ ਵੱਡੀ ਫੈਕਟਰੀ ਦੇ ਪਿਛਲੇ 10 ਦਿਨਾਂ ਤੋਂ ਅਚਾਨਕ ਬੰਦ ਹੋ ਜਾਣ ਨਾਲ ਡਿਪਟੀ ਕਮਿਸ਼ਨਰ ਵਲੋਂ ਵੀ ਸਮਝੌਤਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਇਸ ਫੈਕਟਰੀ ਦੇ ਬੰਦ ਹੋਣ ਨਾਲ ਲਗਭਗ 1800 ਵਰਕਰਾਂ ਦੇ ਪਰਿਵਾਰ ਭੁੱਖੇ ਮਰਨ ਲਈ ਮਜਬੂਰ ਹੋ ਗਏ ਹਨ।

Babita

This news is Content Editor Babita