ਭੀਮ ਕਤਲ ਕਾਂਡ ਦੇ ਮੁੱਖ ਗਵਾਹ ਨੂੰ ਨੌਜਵਾਨ ਨੇ ਫੇਸਬੁੱਕ ’ਤੇ ਦਿੱਤੀ ਧਮਕੀ

01/21/2020 4:13:24 PM

ਅਬੋਹਰ – ਭੀਮ ਕਤਲ ਕਾਂਡ ਦੇ ਮੁੱਖ ਗਵਾਹ ਗੁਰਜੰਟ ਉਰਫ ਜੰਟਾ ਨੂੰ ਫੇਸਬੁੱਕ ’ਤੇ ਸ਼ਰੇਆਮ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਖ ਗਵਾਹ ਨੂੰ ਇਸ ਤਰ੍ਹਾਂ ਧਮਕੀ ਦੇਣ ਵਾਲੇ ਨੌਜਵਾਨ ਅੰਕੁਸ਼ ਚਾਲਾਨਾ ਦੇ ਖਿਲਾਫ ਪੁਲਸ ਵਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਫੇਸਬੁੱਕ ’ਤੇ ਪਾਈ ਗਈ ਇਕ ਵੀਡੀਓ ਦੇ ਕੁਮੈਂਟ ਬਾਕਸ ’ਚ ਲਿਖਿਆ ਗਿਆ ਹੈ ਕਿ ‘‘ਜੰਟੇ ਤੇਰਾ ਟਾਇਮ ਆ ਗਿਆ ਮਿਤਰਾਂ’। ਇਸ ਕੁਮੈਂਟ ਦੇ ਬਾਰੇ ਜਦੋਂ ਗੁਰਜੰਟ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੰਦੇ ਹੋਏ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕ ਨੌਜਵਾਨ  ਖਿਲਾਫ ਮਾਮਲਾ ਦਰਜ ਕਰ ਦਿੱਤਾ। 

ਦੱਸ ਦੇਈਏ ਕਿ ਇਕ ਮਾਮਲੇ ਦੇ ਸਬੰਧ ’ਚ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਨੂੰ ਪੇਸ਼ੀ ਲਈ ਅਦਾਲਤ ’ਚ ਲਿਆਂਦਾ ਗਿਆ ਸੀ, ਜਿਸ ਦੌਰਾਨ ਉਸ ਨਾਲ ਮੁਲਾਕਾਤ ਕਰਨ ਡੋਡਾ ਕਮੇਟੀ ਦੇ ਕਈ ਮੈਂਬਰ ਅਤੇ ਹੋਰ ਲੋਕ ਆਏ। ਇਸ ਮੁਲਾਕਾਤ ਦਾ ਜਦੋਂ ਗੁਰਜੰਟ ਨੂੰ ਪਤਾ ਲੱਗਾ ਤਾਂ ਉਸ ਨੂੰ ਸ਼ੱਕ ਹੋਇਆ ਕਿ ਡੋਡਾ ਆਪਣੇ ਸਾਥੀਆਂ ਨਾਲ ਮਿਲ ਉਸ ਖਿਲਾਫ ਕੋਈ ਯੋਜਨਾ ਬਣਾ ਰਿਹਾ ਹੈ। ਜੇਲ ’ਚ ਬੰਦ ਹੋਣ ਦੇ ਬਾਵਜੂਦ ਡੋਡਾ ਨੂੰ ਉਸ ਦੇ ਸਾਥੀ ਮਿਲਣ ਆ ਰਹੇ ਹਨ। ਇਕ ਦਿਨ ਅਚਾਨਕ ਜਦੋਂ ਇਕ ਨਿਜੀ ਚੈਨਲ ਨੇ ਇਸ ਮਾਮਲੇ ਦੀ ਵੀਡੀਓ ਪਾਈ ਤਾਂ ਬਹੁਤ ਸਾਰੇ ਲੋਕਾਂ ਵਲੋਂ ਉਸ ਨੂੰ ਸ਼ੇਅਰ ਕੀਤਾ ਗਿਆ। ਵੀਡੀਓ ’ਚ ਅੰਕੁਸ਼ ਨਾਂ ਦੇ ਇਕ ਨੌਜਵਾਨ ਨੇ ਗੁਰਜੰਟ ਨੂੰ ਧਮਕੀ ਵਾਲਾ ਕੁਮੈਂਟ ਕਰ ਦਿੱਤਾ, ਜਿਸ ਦੇ ਤਹਿਤ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ 11 ਦਸੰਬਰ 2015 ਨੂੰ ਸ਼ਿਵ ਲਾਲ ਡੋਡਾ ਦੇ ਪਿੰਡ ਰਾਮਸਰਾ ਦੇ ਨੇੜੇ ਫਾਰਮ ਹਾਊਸ ’ਚ ਦਲਿਤ ਨੌਜਵਾਨ ਭੀਮ ਦੇ ਹੱਥ-ਪੈਰ ਕੱਟ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਨਾਲ ਦੇ ਸਾਥੀਆਂ ਦੇ ਹੱਥਾਂ ਅਤੇ ਲੱਤਾਂ ’ਤੇ ਵੀ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਇਸ ਮਾਮਲੇ ਦੇ 24 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ ਦੋਸ਼ੀ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਸੀ।


rajwinder kaur

Content Editor

Related News