ਪਹਿਲੀ ਜੁਲਾਈ ਤੋਂ ਆਬਕਾਰੀ ਤੇ ਕਰ ਵਿਭਾਗ ਹੋ ਜਾਣਗੇ ਵੱਖ

06/14/2019 4:26:15 PM

ਪਟਿਆਲਾ (ਪ੍ਰਤਿਭਾ) : ਸੂਬਾ ਸਰਕਾਰ ਵੱਲੋਂ ਆਬਕਾਰੀ ਅਤੇ ਕਰ ਵਿਭਾਗ ਨੂੰ ਵੱਖ-ਵੱਖ ਕਰਨ ਦੇ ਫੈਸਲੇ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਇਕ ਜੁਲਾਈ ਤੋਂ ਆਬਕਾਰੀ ਵਿਭਾਗ ਵੱਖ ਅਤੇ ਕਰ ਵਿਭਾਗ ਵੱਖ ਹੋਵੇਗਾ। ਇਸ ਦੇ ਨਾਲ ਹੀ ਹੁਣ ਤੱਕ ਇਕ ਹੀ ਵਿਭਾਗ ਅਧੀਨ ਆ ਰਹੇ ਇਹ ਦੋਵੇਂ ਵਿੰਗ ਹੁਣ ਵੱਖ ਵਿਭਾਗ ਦਾ ਰੂਪ ਲੈਣਗੇ। ਇਸ ਨਾਲ ਹੁਣ ਇਨ੍ਹੀਂ ਦਿਨੀਂ ਵਿਭਾਗਾਂ ਦੇ ਕੰਮ ਪੁਰੀ ਤਰ੍ਹਾਂ ਵੱਖ  ਹੀ ਰਹਿਣਗੇ। ਨਾਲ ਹੀ ਇਨ੍ਹਾਂ ਦੇ ਅਧਿਕਾਰੀ ਵੀ ਹੁਣ ਇਕ ਨਹੀਂ ਹੋਣਗੇ। ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਵਪਾਰੀਆਂ ਨੂੰ ਹੋਵੇਗਾ। ਵਪਾਰੀ ਆਪਣੇ ਸਿੱਧੇ ਜੀ. ਐੈੱਸ. ਟੀ. ਦਫ਼ਤਰ 'ਚ ਕਰਵਾ ਸਕਣਗੇ ਜਦਕਿ ਸ਼ਰਾਬ ਕਾਰੋਬਾਰੀ ਆਬਕਾਰੀ 'ਚ ਆਪਣੇ ਕੰਮ ਕਰਵਾ ਸਕਣਗੇ।

ਪੰਜਾਬ ਨੂੰ ਜ਼ੋਨ 'ਚ ਵੰਡ ਕੇ ਡਵੀਜ਼ਨਾਂ 'ਚ ਵੰਡਿਆ
ਜ਼ਿਕਰਯੋਗ ਹੈ ਕਿ ਸਰਕਾਰ ਨੇ ਆਬਕਾਰੀ ਅਤੇ ਕਰ ਵਿਭਾਗ ਨੂੰ ਵੱਖ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦਾ ਢਾਂਚਾ ਤਿਆਰ ਕੀਤਾ ਜਾ ਚੁੱਕਾ ਹੈ। ਇਸ 'ਚ ਪੰਜਾਬ ਨੂੰ 3 ਜ਼ੋਨਾਂ 'ਚ ਵੰਡ ਕੇ ਅੱਗੇ 10 ਡਵੀਜ਼ਨਾਂ ਵਿਚ ਵੰਡਿਆ ਗਿਆ ਹੈ। ਇਸ ਤੋਂ ਬਾਅਦ ਵਪਾਰੀਆਂ ਨੂੰ ਆਬਕਾਰੀ ਨਾਲ ਜੁੜੇ ਕੰਮ ਕਰਵਾਉਣ ਲਈ ਜ਼ਿਆਦਾ ਭੰਬਲਭੂਸੇ 'ਚ ਨਹੀਂ ਪੈਣਾ ਹੋਵੇਗਾ। ਸਗੋਂ ਉਹ ਸਿੱਧੇ ਜੀ. ਐੈੱਸ. ਟੀ. ਦਫ਼ਤਰ ਜਾ ਕੇ ਸੇਵਾਵਾਂ ਹਾਸਲ ਕਰ ਸਕਦੇ ਹਨ। ਵਿਭਾਗ ਨੂੰ ਵੱਖ ਕਰਨ ਲਈ ਇਕ ਕਮੇਟੀ ਬਣਾਈ ਗਈ ਸੀ। ਇਸ ਦੀ ਰਿਪੋਰਟ ਤੋਂ ਬਾਅਦ ਹਰ ਜ਼ਿਲੇ 'ਚ ਜੀ. ਐੈੱਸ. ਟੀ. ਦੇ ਅਸਿਸਟੈਂਟ ਕਮਿਸ਼ਨਰ ਅਤੇ ਆਬਕਾਰੀ ਦੇ ਅਸਿਸਟੈਂਟ ਕਮਿਸ਼ਨਰ ਵੱਖ ਹੋਣਗੇ। ਜਿਸ ਅਧਿਕਾਰੀ ਕੋਲ ਜੀ. ਐੈੱਸ. ਟੀ. ਦਾ ਚਾਰਜ ਹੋਵੇਗਾ, ਉਸ ਕੋਲ ਆਬਕਾਰੀ ਨਹੀਂ ਹੋਵੇਗਾ।

ਪਟਿਆਲਾ, ਜਲੰਧਰ ਅਤੇ ਫਿਰੋਜ਼ਪੁਰ ਬਣਾਏ ਜ਼ੋਨ
ਹਾਲਾਂਕਿ ਵਿਭਾਗੀ ਜਾਣਕਾਰੀ ਅਨੁਸਾਰ ਆਬਕਾਰੀ ਲਈ ਪਟਿਆਲਾ, ਜਲੰਧਰ ਅਤੇ ਫਿਰੋਜ਼ਪੁਰ ਜ਼ੋਨ ਬਣਾਏ ਗਏ ਹਨ। ਪਟਿਆਲਾ 'ਚ ਪਟਿਆਲਾ, ਲੁਧਿਆਣਾ ਅਤੇ ਰੋਪੜ ਡਵੀਜ਼ਨ ਬਣਾਈ ਹੈ। ਜਲੰਧਰ 'ਚ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਡਵੀਜ਼ਨ ਬਣੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ 'ਚ ਫਿਰੋਜ਼ਪੁਰ, ਬਠਿੰਡਾ ਅਤੇ ਫਰੀਦਕੋਟ ਡਵੀਜ਼ਨ ਬਣੀ ਹੈ। ਪਟਿਆਲਾ ਡਵੀਜ਼ਨ 'ਚਪਟਿਆਲਾ-1, ਪਟਿਆਲਾ-2, ਸੰਗਰੂਰ-1 ਅਤੇ ਸੰਗਰੂਰ-2 ਡਵੀਜ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ, ਅੰਮ੍ਰਿਤਸਰ 'ਚ ਵੱਖ-ਵੱਖ ਖੇਤਰ ਸ਼ਾਮਲ ਹਨ।

ਨਵੇਂ ਈ. ਟੀ. ਓਜ਼ ਦੀ ਹੋਵੇਗੀ ਤਾਇਨਾਤੀ
ਸਰਕਾਰ ਦੇ ਸਟਰੱਕਚਰ ਦੀ ਮੰਨੀ ਜਾਵੇ ਤਾਂ ਡਵੀਜ਼ਨਾਂ ਨੂੰ ਜ਼ਿਲਿਆਂ ਵਿਚ ਵੰਡਣ ਤੋਂ ਬਾਅਦ ਪੰਜਾਬ ਵਿਚ 9 ਨਵੇਂ ਈ. ਟੀ. ਓਜ਼ ਦੀ ਤਾਇਨਾਤ ਹੋਵੇਗੀ। ਇਸ ਸਮੇਂ 24 ਈ. ਟੀ. ਓ. ਕੰਮ ਕਰ ਰਹੇ ਹਨ। ਪਟਿਆਲਾ ਜ਼ੋਨ ਵਿਚ ਈ. ਟੀ. ਓ. ਦੀ ਗਿਣਤੀ 6 ਤੋਂ ਵਧ ਕੇ 8 ਹੋ ਜਾਵੇਗੀ। ਜਲੰਧਰ ਵਿਚ 10 ਤੋਂ 14 ਹੋ ਜਾਵੇਗੀ। ਫਿਰੋਜ਼ਪੁਰ ਜ਼ੋਨ ਵਿਚ ਈ. ਟੀ. ਓ. ਦੀ ਗਿਣਤੀ 8 ਤੋਂ ਵਧ ਕੇ 11 ਹੋਵੇਗੀ। ਆਬਕਾਰੀ ਦੇ ਸਰਕਲ ਵੀ 125 ਤੋਂ ਵਧ ਕੇ 180 ਹੋ ਜਾਣਗੇ। ਪਟਿਆਲਾ ਵਿਚ ਸਰਕਲ 40 ਤੋਂ 60, ਜਲੰਧਰ ਜ਼ੋਨ ਵਿਚ 45 ਤੋਂ 65 ਅਤੇ ਫਿਰੋਜ਼ਪੁਰ ਜ਼ੋਨ 'ਚ 40 ਤੋਂ 55 ਹੋ ਜਾਣਗੇ। ਇਨ੍ਹਾਂ ਲਈ ਜ਼ਿਲਿਆਂ ਵਿਚ ਦਫ਼ਤਰ ਵੀ ਵੱਖ-ਵੱਖ ਬਣਾਏ ਜਾਣਗੇ।


Anuradha

Content Editor

Related News