ਸਾਬਕਾ ਮੰਤਰੀ ਆਸ਼ੂ ਦੀਆਂ ਮੁਸ਼ਕਿਲਾਂ 'ਚ ਹੋ ਸਕਦੈ ਵਾਧਾ, ਵਿਜੀਲੈਂਸ ਦੇ ਬੁਲਾਉਣ 'ਤੇ ਕਰੀਬੀ ਫ਼ਰਾਰ

08/18/2022 2:06:11 PM

ਲੁਧਿਆਣਾ(ਰਾਜ) : ਅਨਾਜ ਮੰਡੀਆਂ ’ਚ ਟ੍ਰਾਂਸਪੋਰਟੇਸ਼ਨ ਘਪਲਾ ਮਾਮਲੇ ’ਚ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਸ਼ਿਕੰਜੇ ’ਚ ਕਈ ਵੱਡੇ ਲੋਕ ਆ ਸਕਦੇ ਹਨ। ਸਭ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਭ ਤੋਂ ਨਜ਼ਦੀਕੀ ਸਾਥੀ ਪੰਕਜ ਮੀਨੂ ਮਲਹੋਤਰਾ ਨੂੰ ਵੀ ਨਾਮਜ਼ਦ ਕਰ ਲਿਆ ਹੈ। ਇਸ ਦੇ ਨਾਲ ਹੀ ਫੂਡ ਅਤੇ ਸਪਲਾਈ ਦੇ ਇਕ ਵੱਡੇ ਅਧਿਕਾਰੀ ਸਮੇਤ ਹੋਰ ਵੀ ਕਈ ਨਾਮਜ਼ਦ ਕੀਤੇ ਹਨ। ਬੁੱਧਵਾਰ ਦੀ ਸਵੇਰ ਵਿਜੀਲੈਂਸ ਦੀ ਟੀਮ ਨੇ ਮੀਨੂ ਮਲਹੋਤਰਾ ਨੂੰ ਫੜਨ ਲਈ ਉਸ ਦੇ ਘਰ ਛਾਪੇਮਾਰੀ ਕੀਤੀ ਸੀ ਪਰ ਉਹ ਪਹਿਲਾਂ ਹੀ ਅੰਡਰ ਗਰਾਊਂਡ ਹੋ ਚੁੱਕਾ ਸੀ। ਉਸ ਦੇ ਘਰ ਦੀ ਤਲਾਸ਼ੀ ਲਈ ਗਈ ਪਰ ਉੱਥੋਂ ਕੁਝ ਖ਼ਾਸ ਬਰਾਮਦ ਨਹੀਂ ਹੋਇਆ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨਜ਼ਦੀਕੀਆਂ ਜ਼ਰੀਏ ਇਸ ਮਾਮਲੇ ’ਚ ਕਿਤੇ ਨਾ ਕਿਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਘੇਰਣ ਦੀ ਤਿਆਰੀ ’ਚ ਹੈ।

ਇਹ ਵੀ ਪੜ੍ਹੋ- ਪਠਾਨਕੋਟ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਬੇਖੌਫ਼ ਹੋਇਆ ਮਾਈਨਿੰਗ ਮਾਫ਼ੀਆ, ਖੱਡਿਆਂ ਕਾਰਨ ਵਧਿਆ ਘੁਸਪੈਠ ਦਾ ਡਰ

ਉਧਰ, ਪਹਿਲਾਂ ਤੋਂ ਫੜੇ ਗਏ ਮੁਲਜ਼ਮ ਤੇਲੂ ਰਾਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 3 ਦਿਨ ਦੇ ਰਿਮਾਂਡ ’ਤੇ ਭੇਜਿਆ ਗਿਆ ਹੈ। ਸੰਭਾਵਨਾ ਹੈ ਕਿ ਤੇਲੂ ਰਾਮ ਤੋਂ ਹੋਈ ਪੁੱਛਗਿੱਛ ’ਚ ਕਈ ਅਹਿਮ ਖੁਲਾਸੇ ਹੋਏ ਹਨ, ਜਿਸ ਤੋਂ ਬਾਅਦ ਆਸ਼ੂ ਨੂੰ ਘੇਰਣ ਲਈ ਉਨ੍ਹਾਂ ਦੇ ਨਜ਼ਦੀਕੀਆਂ ਦੇ ਘਰਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਅਸਲ ’ਚ ਅਨਾਜ ਮੰਡੀਆਂ ’ਚ ਕਣਕ ਦੀ ਲੋਡਿੰਗ ਅਤੇ ਅਨ-ਲੋਡਿੰਗ ਲਈ ਮਜ਼ਦੂਰਾਂ ਅਤੇ ਟ੍ਰਾਂਸਪੋਰਟ ਨੂੰ ਲੈ ਕੇ ਟੈਂਡਰ ਜਾਰੀ ਹੋਏ ਸਨ, ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਕਈ ਅਜਿਹੇ ਵਾਹਨਾਂ ਦੇ ਨੰਬਰ ਲਗਾਏ ਗਏ, ਜੋ ਟਰੱਕਾਂ ਦੀ ਬਜਾਏ ਸਕੂਟਰ ਅਤੇ ਮੋਟਰਸਾਈਕਲਾਂ ਦੇ ਸਨ।

ਇਹ ਵੀ ਪੜ੍ਹੋ- ਚੋਣਾਂ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ , ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਾਹਨਾਂ ’ਤੇ ਨਕਲੀ ਨੰਬਰ ਪਲੇਟ ਲਗਾ ਕੇ ਮਾਲ ਦੀ ਢੋਆਈ ਕਰਦੇ ਸਨ। ਨਾਲ ਹੀ ਮੁਲਜ਼ਮਾਂ ਨੇ ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ’ਚ ਗ਼ਲਤ ਵਾਹਨਾਂ ਦੇ ਨੰਬਰ ਲਿਖਵਾ ਦਿੱਤੇ। ਜਾਂਚ ਦੌਰਾਨ ਪਤਾ ਲੱਗਾ ਕਿ ਜੋ ਨੰਬਰ ਲਿਖਵਾਏ ਸਨ, ਉਹ ਸਕੂਟਰ, ਮੋਟਰਸਾਈਕਲਾਂ ਆਦਿ ਦੇ ਸਨ, ਜਿਨ੍ਹਾਂ ਵਾਹਨਾਂ ਦੇ ਇਹ ਨੰਬਰ ਹਨ, ਉਹ ਮਾਲ ਢੋਹਣ ਲਈ ਮਾਨਤਾਯੋਗ ਹੀ ਨਹੀਂ ਹਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀਆਂ ਦੇ ਕਾਫ਼ੀ ਨਜ਼ਦੀਕੀ ਸਨ ਅਤੇ ਜਿਸ ਕਾਰਨ ਮਿਲੀਭੁਗਤ ਕਰ ਕੇ ਉਸ ਨੂੰ ਟੈਂਡਰ ਦਿੱਤੇ ਗਏ ਸਨ। ਇਹ ਵੀ ਦੱਸਿਆ ਗਿਆ ਹੈ ਕਿ ਇਸ ਮਿਲੀਭੁਗਤ ਵਿਚ ਸਭ ਤੋਂ ਵੱਡਾ ਹੱਥ ਸਾਬਕਾ ਕੈਬਨਿਟ ਮੰਤਰੀ ਦੇ ਨਜ਼ਦੀਕੀ ਪੰਕਜ ਮੀਨੂ ਮਲਹੋਤਰਾ ਦਾ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਰਾਡਾਰ 'ਤੇ ਕੈਪਟਨ ਅਮਰਿੰਦਰ ਸਿੰਘ, ਇਸ ਵੱਡੇ ਘਪਲੇ ਨਾਲ ਜੁੜ ਰਿਹੈ ਨਾਂ (ਵੀਡੀਓ)

ਹੁਣ ਵਿਜੀਲੈਂਸ ਦੀ ਟੀਮ ਇਹ ਜਾਂਚ ਕਰਨ ਵਿਚ ਜੁਟੀ ਹੈ ਕਿ ਮੀਨੂ ਮਲਹੋਤਰਾ ਜ਼ਰੀਏ ਕਿਹੜੇ-ਕਿਹੜੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਇਸ ਮਾਮਲੇ ’ਚ ਸ਼ਾਮਲ ਹਨ। ਮੀਨੂ ਪੰਕਜ ਮਲਹੋਤਰਾ ਦੇ ਨਾਮਜ਼ਦ ਹੋਣ ਤੋਂ ਬਾਅਦ ਤੋਂ ਫੂਡ ਸਪਲਾਈ ਵਿਭਾਗ ਦੇ ਕਈ ਅਧਿਕਾਰੀਆਂ ਦੇ ਪਸੀਨੇ ਛੁੱਟਣ ਲੱਗੇ ਹਨ। ਉਨ੍ਹਾਂ ਨੂੰ ਆਪਣੇ ਨਾਮਜ਼ਦ ਹੋਣ ਦੇ ਨਾਲ ਗ੍ਰਿਫਤਾਰੀ ਦਾ ਡਰ ਸਤਾਉਣ ਲੱਗਾ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਤੇਲੂ ਰਾਮ ਅਤੇ ਮੀਨੂ ਪੰਕਜ ਮਲਹੋਤਰਾ ’ਚ ਕਾਫੀ ਬਿਹਤਰ ਸਬੰਧ ਸਨ ਤੇ ਇਸੇ ਦਾ ਫਾਇਦਾ ਉਠਾ ਕੇ ਤੇਲੂ ਰਾਮ ਨੇ ਵੱਡੇ ਟੈਂਡਰ ਲਏ ਸਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਮੀਨੂ ਪੰਕਜ ਮਲਹੋਤਰਾ ਨੂੰ ਵਿਜੀਲੈਂਸ ਨੇ ਆਪਣੇ ਦਫਤਰ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਇਆ ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਨਾਮਜ਼ਦ ਕਰ ਲਿਆ।

ਕੀ ਕਹਿੰਦੇ ਹਨ ਐੱਸ. ਐੱਸ. ਪੀ. ਵਿਜੀਲੈਂਸ

ਐੱਸ. ਐੱਸ. ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਤੇਲੂ ਰਾਮ 3 ਦਿਨ ਦੇ ਪੁਲਸ ਰਿਮਾਂਡ ’ਤੇ ਹੈ। ਸਾਬਕਾ ਕੈਬਨਿਟ ਮੰਤਰੀ ਦੇ ਨਜ਼ਦੀਕੀ ਸਾਥੀ ਅਤੇ ਪੀ. ਏ. ਕਹਿਣ ਵਾਲੇ ਮੀਨੂ ਪੰਕਜ ਮਲਹੋਤਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਵੀ ਨਾਮਜ਼ਦ ਕੀਤੇ ਹਨ। ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ ਸੀ ਪਰ ਉਹ ਘਰ ਨਹੀਂ ਮਿਲੇ। ਜਲਦ ਹੀ ਇਸ ਮਾਮਲੇ ’ਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News