ਚੋਰੀ ਦੀ ਗੱਡੀ ''ਚ ਘੁੰਮਣ ਵਾਲੇ ਸਾਬਕਾ ASI ਨੂੰ 3 ਸਾਲ ਦੀ ਸਜ਼ਾ

01/23/2019 11:40:34 PM

ਚੰਡੀਗੜ੍ਹ,(ਸੰਦੀਪ)—ਇੰਸਪੈਕਟਰ ਬਣਕੇ ਚੋਰੀ ਦੀ ਕਾਰ 'ਚ ਘੁੰਮਣ 'ਤੇ ਮੁਲਜ਼ਮ ਪੰਜਾਬ ਪੁਲਸ ਦੇ ਸਾਬਕਾ ਏ. ਐੱਸ. ਆਈ. ਨੂੰ ਦੋਸ਼ੀ ਪਾਉਂਦਿਆਂ ਜ਼ਿਲਾ ਅਦਾਲਤ ਨੇ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਅਦਾਲਤ ਨੇ ਦੋਸ਼ੀ ਜਰਨੈਲ ਸਿੰਘ 'ਤੇ 11 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੈਕਟਰ-11 ਥਾਣਾ 
ਪੁਲਸ ਨੇ ਜਰਨੈਲ ਸਿੰਘ ਖਿਲਾਫ ਸਾਲ 2011 'ਚ ਕੇਸ ਦਰਜ ਕੀਤਾ ਸੀ। ਥਾਣਾ ਪੁਲਸ ਵਲੋਂ ਦਰਜ ਕੇਸ ਅਨੁਸਾਰ 12 ਦਸੰਬਰ, 2011 ਨੂੰ ਸੈਕਟਰ-11 ਥਾਣੇ 'ਚ ਤਾਇਨਾਤ ਸਬ ਇੰਸਪੈਕਟਰ ਸੋਹਨ ਲਾਲ ਪੁਲਸ ਪਾਰਟੀ ਨਾਲ ਏਰੀਆ 'ਚ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੰਜਾਬ ਪੁਲਸ 'ਚ ਬਤੌਰ ਏ. ਐੱਸ. ਆਈ. ਤਾਇਨਾਤ ਜਰਨੈਲ ਸਿੰਘ ਖੁਦ ਨੂੰ ਪੰਜਾਬ ਪੁਲਸ ਦਾ ਇੰਸਪੈਕਟਰ ਦੱਸ ਰਿਹਾ ਹੈ। ਉਸ ਨੇ ਪੰਜਾਬ ਪੁਲਸ ਦੀ ਵਰਦੀ ਪਹਿਨੀ ਹੋਈ ਹੈ। ਉਸ ਕੋਲ ਪੰਜਾਬ ਪੁਲਸ ਦੇ ਇੰਸਪੈਕਟਰ ਦਾ ਜਾਅਲੀ ਆਈ. ਡੀ. ਕਾਰਡ ਹੈ। ਉਸ ਕੋਲ ਇਕ ਚੋਰੀ ਦੀ ਪਜੈਰੋ ਗੱਡੀ ਵੀ ਹੈ। ਜਿਸ ਸਬੰਧੀ ਦਿੱਲੀ ਦੇ ਲਾਜਪਤ ਨਗਰ ਥਾਣੇ 'ਚ ਚੋਰੀ ਹੋਣ ਦਾ ਮਾਮਲਾ ਦਰਜ ਹੈ।

ਖੁੱਡਾ ਲਾਹੌਰਾ ਪੁਲ 'ਤੇ ਨਾਕਾ ਲਗਾ ਕੇ ਫੜ੍ਹਿਆ 
ਪੁਲਸ ਪਾਰਟੀ ਨੇ ਖੁੱਡਾ ਲਾਹੌਰਾ ਪੁਲ ਕੋਲ ਨਾਕਾ ਲਗਾ ਕੇ ਰਾਤ ਕਰੀਬ 8 ਵਜੇ ਉਥੋਂ ਆ ਰਹੀ ਪਜੈਰੋ ਕਾਰ ਨੂੰ ਰੋਕ ਲਿਆ। ਨਾਕੇ 'ਤੇ ਤਾਇਨਾਤ ਪੁਲਸ ਕਰਮੀਆਂ ਨੇ ਗੱਡੀ 'ਤੇ ਲੱਗੇ ਨੰਬਰ ਦੀ ਜਾਂਚ ਕੀਤੀ ਤਾਂ ਨੰਬਰ ਫਰਜ਼ੀ ਪਾਇਆ ਗਿਆ। ਗੱਡੀ ਦੀ ਡਰਾਇਵਿੰਗ ਸੀਟ 'ਤੇ ਬੈਠੇ ਵਿਅਕਤੀ ਨੇ ਪੰਜਾਬ ਪੁਲਸ ਦੇ ਇੰਸਪੈਕਟਰ ਦੀ ਵਰਦੀ ਪਹਿਨੀ ਹੋਈ ਸੀ। ਪਰਖਣ 'ਤੇ ਚਾਲਕ ਨੇ ਆਪਣੀ ਪਹਿਚਾਣ ਜਰਨੈਲ ਸਿੰਘ ਦੇ ਰੂਪ 'ਚ ਦੱਸੀ ਅਤੇ ਕਿਹਾ ਕਿ ਉਹ ਪੰਜਾਬ ਪੁਲਸ 'ਚ ਤਾਇਨਾਤ ਹੈ। ਜਦੋਂ ਜਰਨੈਲ ਸਿੰਘ ਤੋਂ ਗੱਡੀ ਦੇ ਦਸਤਾਵੇਜ਼ ਮੰਗੇ ਗਏ ਤਾਂ ਉਸ ਨੇ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਪੁਲਸ ਨੂੰ ਦਿੱਤਾ। ਜਦੋਂ ਗੱਡੀ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਗੱਡੀ ਦਾ ਅਸਲੀ ਨੰਬਰ ਕੁੱਝ ਹੋਰ ਹੈ ਅਤੇ ਕਾਰ ਚੋਰੀ ਦੀ ਸੀ। ਇਸ ਨਾਲ ਸਬੰਧਤ ਐੱਫ. ਆਈ. ਆਰ. ਦਿੱਲੀ 'ਚ ਦਰਜ ਸੀ। ਇਸ ਤੋਂ ਬਾਅਦ ਜਰਨੈਲ ਸਿੰਘ ਨੂੰ ਕਾਬੂ ਕੀਤਾ ਗਿਆ। ਜਰਨੈਲ ਸਿੰਘ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਉਸ ਦੀ ਜੇਬ 'ਚੋਂ ਦੋ ਆਈ. ਡੀ. ਕਾਰਡ ਬਰਾਮਦ ਹੋਏ, ਜਿਨ੍ਹਾਂ 'ਚੋਂ ਇਕ ਆਈ. ਡੀ. ਕਾਰਡ ਪੰਜਾਬ ਪੁਲਸ ਦੇ ਇੰਸਪੈਕਟਰ ਰੈਂਕ ਦਾ ਸੀ। ਜਦ ਕਿ ਦੂਜਾ ਆਈ. ਡੀ. ਕਾਰਡ ਏ. ਐੱਸ. ਆਈ. ਰੈਂਕ ਦਾ ਸੀ।