DC ਗੁਰਪਾਲ ਸਿੰਘ ਹਰ ਦਿਨ ਖੜ੍ਹੇ ਹੋ ਕੇ ਸੁਣਦੇ ਹਨ ਲੋਕਾਂ ਦੀਆਂ ਸਮੱਸਿਆਵਾਂ

05/19/2020 5:59:04 PM

ਮਾਨਸਾ(ਮਿੱਤਲ) - ਕੋਰੋਨਾ ਸੰਕਟ ਦੇ ਚੱਲਦਿਆਂ ਭਾਵੇਂ ਜਿਲ੍ਹਾ ਪ੍ਰਸ਼ਾਸ਼ਨ ਕੋਲ ਹੋਰ ਵਧੇਰੇ ਕੰਮ ਹਨ। ਪਰ ਮਾਨਸਾ ਦੇ ਡਿਪਟੀ ਕਮਿਸ਼ਨਰ ਇਨ੍ਹਾਂ ਰੁਝੇਵਿਆਂ ਵਿਚ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਟਾਇਮ ਕੱਢਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਦਰਬਾਰ ਵਿਚ ਫਰਿਆਦ ਲੈ ਕੇ ਆਉਣ ਵਾਲੇ ਲੋਕਾਂ ਦੇ ਮਨ ਵਿਚ ਵੱਡੀ ਆਸ ਹੁੰਦੀ ਹੈ। ਜਿਸ ਕਰਕੇ ਉਨ੍ਹਾਂ ਦੀ ਸੁਣਵਾਈ ਕਰਨਾ ਸਾਡਾ ਮੁੱਢਲਾ ਕੰਮ ਹੋਣ ਚਾਹੀਦਾ ਹੈ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਹਰ ਦਿਨ ਕੁਰਸੀ ਤੋਂ ਖੜ੍ਹੇ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਅਤੇ ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਬੁਢਾਪਾ ਪੈਨਸ਼ਨ, ਕੋਰੋਨਾ ਸੰਕਟ ਦੇ ਚੱਲਦਿਆਂ ਲੋਕਾਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ, ਨੀਲੇ ਕਾਰਡ ਕੱਟੇ ਜਾਣ ਦੀ ਸਮੱਸਿਆ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਨੂੰ ਨਿਰਵਿਘਨ ਸੁਣਿਆ ਅਤੇ ਉਨ੍ਹਾਂ ਦਾ ਹੱਲ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿਲ੍ਹੇ ਵਿਚ ਪ੍ਰਤੀ ਦਿਨ ਕੋਰੋਨਾ ਪਾਜ਼ੇਟਿਵ ਮਰੀਜ ਘੱਟ ਰਹੇ ਹਨ ਅਤੇ ਲੋਕਾਂ ਵਿਚ ਜਾਗਰੂਕਤਾ ਆ ਰਹੀ ਹੈ। ਉਨ੍ਹਾਂ ਦੀ ਕੋਸ਼ਿਸ਼ ਸਦਕਾ ਹੀ ਰੋਟੇਸ਼ਨ ਵਾਈਜ ਦੁਕਾਨਾਂ ਖੁੱਲ੍ਹਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ ਅਤੇ ਹਰ ਦੁਕਾਨਦਾਰ ਨੂੰ ਇਸ ਵਿਚ ਨਿਸ਼ਚਿਤ ਸਮਾਂ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਦਾ ਕਹਿਣਾ ਹੈ ਕਿ ਇਸ ਸੰਕਟ ਦੀ ਘੜੀ ਵਿਚ ਇੱਕਜੁੱਟ ਹੋ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਇਹ ਔਖਾ ਸਮਾਂ ਨਿਕਲਦੇ ਹੀ ਸਭ ਕੁਝ ਆਮ ਵਾਂਗ ਹੋ ਜਾਵੇਗਾ।
 


Harinder Kaur

Content Editor

Related News