ਕਾਲਜ ਸਟਾਫ਼ ਨੂੰ 3 ਸਾਲ ਤੋਂ ਨਹੀਂ ਮਿਲੀ ਤਨਖ਼ਾਹ, ਧਰਨੇ ’ਤੇ ਬੈਠੇ ਮੁਲਾਜ਼ਮਾਂ ਦਾ CM ਨੂੰ ਸਵਾਲ- ਹਰਾ ਪੈੱਨ ਕਦੋਂ ਚੱਲ

04/19/2022 12:12:54 PM

ਲਹਿਰਾਗਾਗਾ (ਜ.ਬ.) : ਪੰਜਾਬ ਸਰਕਾਰ ਵੱਲੋਂ ਲਹਿਰਾਗਾਗਾ ਵਿਖੇ ਸਥਾਪਿਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਦੇ ਸਮੂਹ ਸਟਾਫ ਨੂੰ ਪਿਛਲੇ 36 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਪੂਰਾ ਸਟਾਫ ਆਪਣੇ ਪਰਿਵਾਰ ਸਮੇਤ ਗਹਿਰੇ ਆਰਥਿਕ ਅਤੇ ਮਾਨਸਿਕ ਸੰਕਟ ’ਚੋਂ ਗੁਜ਼ਰ ਰਿਹਾ ਹੈ , ਜਿਸ ਕਾਰਨ ਪਿਛਲੇ ਦਿਨੀਂ ਇਕ ਕਲਰਕ ਵੱਲੋਂ ਕਾਲਜ ਵਿਖੇ ਆਤਮ ਹੱਤਿਆ ਵੀ ਕਰ ਲਈ ਗਈ ਸੀ । ਇਸ ਉਪਰੰਤ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਧਾਇਕ ਵੱਲੋਂ ਮੁਲਾਜ਼ਮਾਂ ਨੂੰ 6 ਮਹੀਨੇ ਦੀ ਤਨਖਾਹ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਨੌਕਰੀ ਅਤੇ ਤਨਖਾਹਾਂ ਦੇ ਬਕਾਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ 19 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੂਰਾ ਨਹੀਂ ਹੋਇਆ, ਜਿਸ ਕਾਰਨ ਕਾਲਜ ਦੇ ਸਮੂਹ ਸਟਾਫ ਮੈਂਬਰ ਗਹਿਰੇ ਸੰਕਟ ’ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਨੂੰ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਧੁੰਦਲਾ ਦਿਖਾਈ ਦੇਣ ਲੱਗਾ ਹੈ ਅਤੇ ਕਿਸੇ ਪਾਸੇ ਤੋਂ ਆਸ਼ਾ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਅਤੇ ਸਟਾਫ ਲਗਾਤਾਰ 110ਵੇਂ ਦਿਨ ਵੀ ਧਰਨੇ ’ਤੇ ਬੈਠਾ ਹੋਇਆ ਹੈ ਪਰ ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਦਿਖਾਈ ਨਹੀਂ ਦਿੰਦਾ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

ਧਰਨੇ ’ਤੇ ਬੈਠੇ ਮੁਲਾਜ਼ਮਾਂ ਨੇ ਕਿਹਾ ਕਿ ਹੈਰਾਨੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਮੰਤਰੀਆਂ ਦਾ ਹਰਾ ਪੈੱਨ ਕਿਸੇ ਵੀ ਪਰਿਵਾਰ ਦੇ ਚੁੱਲ੍ਹਿਆਂ ’ਚ ਅੱਗ ਬਾਲਣ ਲਈ ਚੱਲੇਗਾ ਪਰ ਹੈਰਾਨੀ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਮੁੱਖ ਮੰਤਰੀ ਸਾਹਿਬ ਕੋਲ ਹੋਣ ਦੇ ਬਾਵਜੂਦ ਅਜੇ ਤੱਕ ਭੱਠਲ ਕਾਲਜ ਦੇ 105 ਮੁਲਾਜ਼ਮਾਂ ਦੇ ਪਰਿਵਾਰਾਂ ਦੇ ਚੁੱਲ੍ਹਿਆਂ ਦੀ ਬੁਝੀ ਅੱਗ ਨੂੰ ਬਾਲਣ ਲਈ ਮੁੱਖ ਮੰਤਰੀ ਸਾਹਿਬ ਦਾ ਹਰਾ ਪੈੱਨ ਅਜੇ ਤਕ ਕਿਉਂ ਨਹੀਂ ਚੱਲਿਆ ਜਾਂ ਫਿਰ ਸਰਕਾਰ ਅਤੇ ਵਿਭਾਗ ਕਾਲਜ ਵਿਖੇ ਕਿਸੇ ਹੋਰ ਅਣਸੁਖਾਵੀਂ ਘਟਨਾ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਹਰਾ ਪੈੱਨ ਭੱਠਲ ਕਾਲਜ ਦੇ ਮੁਲਾਜ਼ਮਾਂ ਦੀ ਜ਼ਿੰਦਗੀ ਬਚਾਉਣ ਲਈ ਚੱਲਦਾ ਹੈ ਜਾਂ ਫਿਰ ਮੁਲਾਜ਼ਮਾਂ ਨੂੰ ਇਸੇ ਤਰ੍ਹਾਂ ਆਰਥਿਕ ਤੰਗੀ ਅਤੇ ਮਾਨਸਿਕ ਪ੍ਰੇਸ਼ਾਨੀ ਨਾਲ ਦੋ ਚਾਰ ਹੁੰਦਿਆਂ ਆਪਣਾ ਜੀਵਨ ਬਤੀਤ ਕਰਨਾ ਪਵੇਗਾ।

ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ ਪੱਤਰ

ਉਕਤ ਮਾਮਲੇ ’ਤੇ ਮੰਗਾਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਕਮਲ ਗਰਗ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਕਾਈ ਪ੍ਰਧਾਨ ਸਰਬਜੀਤ ਸ਼ਰਮਾ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਨਵਰੀਤ ਕੌਰ ਸੇਖੋਂ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਗਈ ਕਿ ਕਾਲਜ ’ਚ ਖ਼ੁਦਕੁਸ਼ੀ ਕਰਨ ਵਾਲੇ ਕਾਲਜ ਦੇ ਕਲਰਕ ਦੇ ਵਾਰਸਾਂ ਨੂੰ ਮੰਨੀਆਂ ਮੰਗਾਂ ਅਨੁਸਾਰ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਰਹਿੰਦੇ ਬਕਾਇਆ ਦੇ ਨਾਲ-ਨਾਲ ਸਮੂਹ ਸਟਾਫ ਨੂੰ ਛੇ ਮਹੀਨਿਆਂ ਦੀ ਤਨਖ਼ਾਹ ਤੁਰੰਤ ਰਿਲੀਜ਼ ਕਰਾਈ ਜਾਵੇ, ਜੇਕਰ ਕੁਝ ਦਿਨਾਂ ’ਚ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਜੁਆਇੰਟ ਸੰਘਰਸ਼ ਕਮੇਟੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨਾਲ-ਨਾਲ ਹੋਰ ਜਥੇਬੰਦੀਆਂ ਨੂੰ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

 

Anuradha

This news is Content Editor Anuradha