ਬੈਂਕਾਂ ਦੇ ਰਲੇਵੇਂ ਖਿਲਾਫ ਮੁਲਾਜ਼ਮਾਂ ਕੀਤਾ ਰੋਸ ਪ੍ਰਦਰਸ਼ਨ

10/22/2019 8:11:16 PM

ਬਠਿੰਡਾ (ਸੁਖਵਿੰਦਰ)-ਬੈਂਕਾਂ ਦੇ ਰਲੇਵੇਂ ਤੇ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟਸ) ਦੇ ਮਾਮਲੇ 'ਚ ਕਾਰਵਾਈ ਨਾ ਕਰਨ ਦੇ ਵਿਰੋਧ 'ਚ ਬੈਂਕਾਂ ਮੁਲਾਜ਼ਮਾਂ ਵੱਲੋਂ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਤੇ ਬੈਂਕ ਇੰਪਲਾਈਜ਼ ਫੈੱਡਰੇਸ਼ਨ ਆਫ ਇੰਡੀਆ ਦੇ ਬੁਲਾਵੇ 'ਤੇ ਹੜਤਾਲ ਕੀਤੀ ਗਈ। ਇਸ ਦੌਰਾਨ ਮੁਲਾਜ਼ਮਾਂ ਨੇ ਪੀ. ਐੱਨ. ਬੀ. ਮਾਡਲ ਟਾਊਨ ਬ੍ਰਾਂਚ ਮੂਹਰੇ ਧਰਨਾ ਦੇ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਆਗੂ ਡਾ. ਪਵਨ ਜਿੰਦਲ ਨੇ ਕਿਹਾ ਕਿ ਕੇਂਦਰ ਸਰਕਾਰ ਐੱਨ. ਪੀ. ਏ. ਦੇ ਮਾਮਲੇ 'ਚ ਕੋਈ ਕਾਰਵਾਈ ਨਾ ਕਰ ਕੇ ਉਲਟਾ ਸਰਕਾਰੀ ਸੈਕਟਰ ਦੇ ਬੈਂਕਾਂ ਨੂੰ ਹੀ ਬੰਦ ਕਰਨ 'ਤੇ ਤੁਲੀ ਹੋਈ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਬੈਂਕਾਂ ਦਾ ਰਲੇਵਾਂ ਕਰ ਕੇ ਵੀ ਮੁਲਾਜ਼ਮਾਂ ਤੇ ਬੈਂਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਐੱਸ. ਬੀ. ਆਈ. ਦੇ ਰਲੇਵੇਂ ਤੋਂ ਬਾਅਦ 7 ਹਜ਼ਾਰ ਸ਼ਾਖਾਵਾਂ ਬੰਦ ਹੋ ਗਈਆਂ ਹਨ। ਡਾ. ਕੇ. ਕੇ. ਸਿੰਗਲਾ ਨੇ ਕਿਹਾ ਕਿ ਐੱਨ. ਪੀ. ਏ. ਦਾ ਹੱਲ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਮੁਲਾਜ਼ਮਾਂ 'ਤੇ ਕੰਮ ਦਾ ਬੋਝ ਪਹਿਲਾਂ ਬਹੁਤ ਹੈ ਤੇ ਰਲੇਵੇਂ ਤੋਂ ਬਾਅਦ ਹੋਰ ਵੀ ਵੱਧ ਜਾਵੇਗਾ। ਇਸ ਮੌਕੇ ਚਰਨਜੀਤ ਸ਼ਰਮਾ, ਪ੍ਰੇਮ ਭੂਸ਼ਣ ਅਰੋੜਾ, ਰਾਜਿੰਦਰ ਕੁਮਾਰ, ਮਨਮੀਤ ਸਿੰਘ, ਜਤਿੰਦਰ ਗਰਗ ਤੇ ਰਾਕੇਸ਼ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।

Karan Kumar

This news is Content Editor Karan Kumar