ਐਲੀਮੈਂਟਰੀ ਸਿਖਲਾਈ ਪ੍ਰਾਪਤ ਅਧਿਆਪਕਾਂ ਦੀਆਂ ਅਸਾਮੀਆਂ ਸਰਕਾਰੀ ਸਕੂਲਾਂ ’ਚ ਤਬਦੀਲ

11/22/2019 2:28:00 PM

ਚੰਡੀਗੜ੍ਹ - ਪੰਜਾਬ ਸਿੱਖਿਆ ਵਿਭਾਗ ਨੇ ਜ਼ਿਲਿਆਂ ਦੇ ਐਲੀਮੈਂਟਰੀ ਸਿਖਲਾਈ ਪ੍ਰਾਪਤ ਅਧਿਆਪਕਾਂ ਦੀਆਂ ਅਸਾਮੀਆਂ ਉਨ੍ਹਾਂ ਜ਼ਿਲਿਆਂ ਦੇ ਸਰਕਾਰੀ ਸਕੂਲਾਂ ’ਚ ਤਬਦੀਲ ਕਰ ਦਿੱਤੀਆਂ, ਜਿਨ੍ਹਾਂ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਹੈ। ਅਧਿਕਾਰੀਆਂ ਨੇ ਦਾਅਵਾ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਉਣ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਕੁਝ ਹੱਦ ਤੱਕ ਘੱਟ ਹੋ ਜਾਣਗੀਆਂ।  ਰਾਜ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੁਆਰਾ ਜਾਰੀ ਕੀਤੇ ਗਏ ਇਕ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ 8 ਜ਼ਿਲਿਆਂ - ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਬਰਨਾਲਾ, ਮੋਗਾ, ਹੁਸ਼ਿਆਰਪੁਰ ਅਤੇ ਜਲੰਧਰ ’ਚ ਐਲੀਮੈਂਟਰੀ ਸਿਖਲਾਈ ਪ੍ਰਾਪਤ ਅਧਿਆਪਕਾਂ ਦੀਆਂ 3,417 ਵਾਧੂ ਅਸਾਮੀਆਂ ਹਨ। 

ਇਸੇ ਕਾਰਨ ਅੰਮ੍ਰਿਤਸਰ ਤੋਂ 150 ਅਤੇ ਤਰਨਤਾਰਨ ਤੋਂ 130 ਅਸਾਮੀਆਂ ਫਿਰੋਜ਼ਪੁਰ ’ਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਗੁਰਦਾਸਪੁਰ ਤੋਂ 450 ਅਤੇ ਪਠਾਨਕੋਟ ਤੋਂ 277 ਅਸਾਮੀਆਂ ਫਾਜ਼ਿਲਕਾ ਤਬਦੀਲ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਬਰਨਾਲਾ ਤੋਂ 105 ਅਸਾਮੀਆਂ ਨੂੰ ਬਠਿੰਡਾ, 60 ਨੂੰ ਮੋਗਾ ਤੋਂ ਮੁਕਤਸਰ, ਹੁਸ਼ਿਆਰਪੁਰ ਤੋਂ 80 ਮਾਨਸਾ, 30 ਹੁਸ਼ਿਆਰਪੁਰ ਤੋਂ ਪਟਿਆਲਾ ਅਤੇ 200 ਤੋਂ ਜਲੰਧਰ ਮੁਹਾਲੀ ਤਬਦੀਲ ਕੀਤਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਅਸਾਮੀਆਂ ਨੂੰ ਇਕ ਥਾਂ ਤੋਂ ਦੂਜੇ ਥਾਂ ਤਬਦੀਲ ਕਰਨ ਤੋਂ ਪਹਿਲਾਂ ਹੁਸ਼ਿਆਰਪੁਰ ’ਚ ਵੱਧ ਤੋਂ ਵੱਧ 815 ਅਹੁਦੇ ਸਨ। ਇਸ ਤੋਂ ਬਾਅਦ ਗੁਰਦਾਸਪੁਰ 609, ਜਲੰਧਰ 582, ਮੋਗਾ 337, ਅੰਮ੍ਰਿਤਸਰ 333, ਤਰਨ ਤਾਰਨ 311, ਪਠਾਨਕੋਟ 277 ਅਤੇ ਬਰਨਾਲਾ 153 ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਰਜਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਅਜੇ ਸਿਰਫ ਅਸਾਮੀਆਂ ਹੀ ਤਬਦੀਲ ਕੀਤੀਆਂ ਗਈਆਂ ਹਨ। ਅੱਗੇ ਕੀ ਕਰਨਾ ਹੈ, ਦੇ ਬਾਰੇ ਕੁਝ ਪਤਾ ਨਹੀਂ। ’’
 

rajwinder kaur

This news is Content Editor rajwinder kaur