''ਬਿਜਲੀ ਬਿੱਲਾਂ ''ਚ ਵਾਧੇ ਕਰ ਕੇ ਕੈਪਟਨ ਸਰਕਾਰ ਲੋਕਾਂ ਦੇ ਘਰਾਂ ''ਚ ਕਰ ਰਹੀ ਹੈ ਹਨੇਰਾ''

01/04/2020 10:30:59 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ): ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸੂਬਾ ਸਰਕਾਰ ਵੱਲੋਂ ਬਿਜਲੀ ਬਿੱਲਾਂ 'ਚ ਕੀਤੇ ਬੇਤਹਾਸ਼ਾ ਵਾਧੇ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ 'ਚ ਕੀਤੇ ਵੱਡੇ ਵਾਧੇ ਨੇ ਆਮ ਲੋਕਾਂ ਦੇ ਘਰਾਂ 'ਚ ਹਨੇਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਧੇ ਖਿਲਾਫ ਸੂਬੇ ਭਰ 'ਚ ਅੰਦੋਲਨ ਕਰੇਗੀ, ਜਿਸ ਕੜੀ ਤਹਿਤ ਪਾਰਟੀ ਵੱਲੋਂ 7 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਵਿਧਾਇਕ ਬਿਲਾਸਪੁਰ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਦਿਨੋ-ਦਿਨ ਵੱਧ ਰਹੀ ਮਹਿੰਗਾਈ ਨਾਲ ਜਿਥੇ ਗਰੀਬ, ਮਜ਼ਦੂਰ, ਕਿਸਾਨ ਅਤੇ ਛੋਟੇ ਦੁਕਾਨਦਾਰਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਉਥੇ ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ 'ਚ ਵੱਡੀ ਪੱਧਰ 'ਤੇ ਵਾਧਾ ਕਰ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।

ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਜੋ ਬਿਜਲੀ ਦਾ ਉਤਪਾਦਨ ਕਰਦਾ ਹੈ, ਦੇ ਮੁਕਾਬਲੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਬਿਜਲੀ ਕਾਫੀ ਸਸਤੀ ਹੈ। ਜੇਕਰ ਦਿੱਲੀ ਦੀ ਕੇਜਰੀਵਾਲ ਸਰਕਾਰ ਸੂਬੇ ਦੇ ਲੋਕਾਂ ਨੂੰ ਪੰਜਾਬ ਤੋਂ ਖਰੀਦ ਕੇ ਉਚਿਤ ਮੁੱਲ 'ਤੇ ਬਿਜਲੀ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਸਹੀ ਮੁੱਲ 'ਤੇ ਬਿਜਲੀ ਪ੍ਰਦਾਨ ਕਿਉਂ ਨਹੀਂ ਕਰ ਸਕਦੀ। ਵਿਧਾਇਕ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਦਿਲ 'ਚ ਖੋਟ ਹੈ ਅਤੇ ਪੰਜਾਬ ਦੇ ਲੋਕਾਂ 'ਤੇ ਬਿਜਲੀ ਬਿੱਲਾਂ ਦਾ ਬੋਝ ਪਾ ਕੇ ਲੋਕਾਂ ਨੂੰ ਕੰਗਾਲੀ ਦੇ ਰਾਹ ਤੋਰ ਰਹੀ ਹੈ। ਸੂਬਾ ਸਰਕਾਰ ਦੇ ਲੋਕ ਵਿਰੋਧੀ ਇਸ ਫੈਸਲੇ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ।


Shyna

Content Editor

Related News