ਜਦੋਂ ਹਲਕਾ ਸਨੌਰ ਦੇ ਲੋਕ ਬਿਜਲੀ ਦੇ ਬਿੱਲ ਲੈ ਕੇ ਪਹੁੰਚੇ ਵਿਧਾਨ ਸਭਾ

02/22/2020 2:57:36 PM

ਪਟਿਆਲਾ (ਬਲਜਿੰਦਰ): ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਅੱਜ ਵੱਡੇ ਵੱਡੇ ਬਿੱਲ ਆਉਣ ਤੋਂ ਔਖੇ ਹਲਕਾ ਸਨੌਰ ਦੇ ਲੋਕ ਆਪਣੇ ਬਿਜਲੀ ਦੇ ਬਿੱਲ ਲੈ ਕੇ ਸਿੱਧੇ ਵਿਧਾਨ ਸਭਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਮਿਲਣ ਲਈ ਪਹੁੰਚ ਗਈ। ਜਿਉਂ ਹੀ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਇਨ੍ਹਾਂ ਲੋਕਾਂ ਬਾਰੇ ਪਤਾ ਲੱਗਾ ਤਾਂ ਉਹ ਖੁਦ ਉਨ੍ਹਾਂ ਨੂੰ ਨਾਲ ਲੈ ਕੇ ਵਿਧਾਨ ਸਭਾ ਵਿਚ ਦਾਖਲ ਹੋਣ ਲੱਗੇ ਤਾਂ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਰੋਕ ਲਿਆ ਪਰ ਲੋਕਾਂ ਨੇ ਬਾਹਰ ਹੀ ਆਪਣੀ ਗੱਲ ਰੱਖੀ ਕਿ ਕਿਸ ਤਰ੍ਹਾਂ ਜਿਨ੍ਹਾਂ ਲੋਕਾਂ ਦੀ ਸਾਰੇ ਸਾਲ ਦੀ ਆਮਦਨ ਲੱਖਾਂ ਰੁਪਏ ਨਹੀਂ, ਉਨ੍ਹਾਂ ਲੋਕਾਂ ਦੇ ਲੱਖਾਂ ਰੁਪਏ ਦੇ ਬਿੱਲ ਭੇਜ ਦਿੱਤੇ ਗਏ ਹਨ ਅਤੇ ਜਦੋਂ ਉਹ ਲੋਕ ਬਿੱਲ ਜਮ੍ਹਾ ਕਰਨ ਵਿਚ ਅਸਮਰਥ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਜਾਂਦੇ ਹਨ। ਵਿਧਾਇਕ ਚੰਦੂਮਾਜਰਾ ਨੇ ਬਾਹਰ ਲੋਕਾਂ ਦੀ ਅਗਵਾਈ ਕਰਦਿਆਂ ਦੱਸਿਆ ਕਿ ਸਰਕਾਰ ਬਿਜਲੀ ਦੇ ਮੁੱਦੇ 'ਤੇ ਨਾ ਵਿਧਾਨ ਸਭਾ ਦੇ ਬਾਹਰ ਲੋਕਾਂ ਨੂੰ ਜਵਾਬ ਦੇ ਰਹੀ ਹੈ ਤੇ ਨਾ ਹੀ ਵਿਧਾਨ ਸਭਾ ਦੇ ਅੰਦਰ ਵਿਧਾਇਕਾਂ ਨੂੰ ਜਵਾਬ ਦੇ ਰਹੀ ਹੈ।

ਸਰਕਾਰ ਵਲੋਂ ਵਾਰ ਵਾਰ ਬਹਾਨੇਬਾਜ਼ੀ ਬਣਾ ਕੇ ਗੱਲ ਨੂੰ ਟਾਲਿਆ ਜਾ ਰਿਹਾ ਹੈ ਜਦੋਂ ਕਿ ਖੁਦ ਕਾਂਗਰਸ ਦੇ ਆਪਣੇ ਆਗੂ ਇਹ ਸਾਬਤ ਕਰ ਚੁੱਕੇ ਹਨ ਕਿ ਪੰਜਾਬ ਵਿਚ 4300 ਕਰੋੜ ਰੁਪਏ ਦਾ ਬਿਜਲੀ ਘੋਟਾਲਾ ਹੋਇਆ ਹੈ, ਜਿਸ ਬਾਰੇ ਨਾ ਤਾਂ ਮੁੱਖ ਮੰਤਰੀ ਕੋਈ ਜਵਾਬ ਦੇ ਰਹੇ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਇਸ ਲੋਕ ਹਿੱਤ ਦੇ ਮੁੱਦੇ 'ਤੇ ਆਪਣੀ ਕੋਈ ਪ੍ਰਤੀਕਿਰਿਆ ਦੇ ਰਹੀ ਹੈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਬੜਾ ਸਪਸ਼ਟ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਜਿਹੜਾ ਥਰਮਲ ਪਲਾਂਟਾਂ ਨਾਲ 2.86 ਰੁਪਏ ਪ੍ਰਤੀ ਯੂਨਿਟ ਦਾ ਐਗਰੀਮੈਂਟ ਕੀਤਾ ਸੀ, ਉਹ ਬਿਜਲੀ ਹੁਣ 10 ਰੁਪਏ ਪ੍ਰਤੀ ਯੂਨਿਟ ਕਿਸ ਤਰ੍ਹਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਅਕਾਲੀ ਭਾਜਪਾ ਸਰਕਾਰ ਰੈਗੂਲੇਟਰੀ ਕਮਿਸ਼ਨ ਅਤੇ ਕੇਂਦਰ ਦੋਨਾਂ ਵਿਚ ਜਿਹੜੇ ਬਿਜਲੀ ਕੰਪਨੀਆਂ ਤੋਂ ਕੇਸ ਜਿੱਤੇ ਸੀ, ਕਾਂਗਰਸ ਨੇ ਬੜੀ ਸਫਾਈ ਨਾਲ ਉਨ੍ਹਾਂ ਦੀ ਪੈਰਵਾਈ ਨਾ ਕਰਕੇ ਬਿਜਲੀ ਕੰਪਨੀਆਂ ਨੂੰ ਲਾਭ ਪਹੁੰਚਾ ਕੇ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰਿਆ ਪਰ ਹੁਣ ਸਮਾਂ ਆ ਗਿਆ ਹੈ ਕਿ ਲੋਕ ਖੁਦ ਬਿੱਲ ਲੈ ਕੇ ਵਿਧਾਨ ਸਭਾ ਤੱਕ ਪਹੁੰਚ ਗਏ ਹਨ। ਜੇਕਰ ਸਰਕਾਰ ਹੁਣ ਵੀ ਨਾ ਜਾਗੀ ਤਾਂ ਲੋਕ ਬਿਜਲੀ ਦੇ ਬਿੱਲ ਲੈ ਕੇ ਮੁੱਖ ਮੰਤਰੀ ਦੇ ਘਰ ਤੱਕ ਪਹੁੰਚ ਜਾਣਗੇ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਸਮੁੱਚੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਆ ਰਹੀ ਹੈ। ਉਨ੍ਹਾਂ ਬਿਜਲੀ ਦਾ ਬਿੱਲ ਲੈ ਕੇ ਪਹੁੰਚੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਭਾਵੇਂ ਅੱਜ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਦਾਖਲ ਨਹੀਂ ਹੋਣ ਦਿੱਤਾ ਪਰ ਕਿਉਂਕਿ ਉਨ੍ਹਾਂ ਨੇ ਆਪਣੀ ਵੋਟ ਦੇ ਕੇ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਭੇਜਿਆ ਹੈ ਤੇ ਉਹ ਵਿਧਾਨ ਸਭਾ ਵਿਚ ਜ਼ਰੂਰ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਪਹੁੰਚਾਉਣਗੇ।


Shyna

Content Editor

Related News