ਬਿਜਲੀ ਮੀਟਰ ਟੈਂਪਰਿਡ ਕਰਨ ਵਾਲੇ ਗਿਰੋਹ ਦਾ ਮੁਖੀ ਗ੍ਰਿਫਤਾਰ

07/07/2020 2:20:47 AM

ਲੁਧਿਆਣਾ,(ਸਲੂਜਾ)– ਇਨਫੋਰਸਮੈਂਟ ਵਿੰਗ ਪਾਵਰਕਾਮ ਨੇ ਮੀਟਰ ਟੈਂਪਰਿਡ ਕਰਨ ਵਾਲੇ ਗਿਰੋਹ ਦੇ ਮੁਖੀ ਨੂੰ ਉਸ ਸਮੇਂ ਅੱਜ ਲੁਧਿਆਣਾ ਦੇ ਇਕ ਇਲਾਕੇ 'ਚੋਂ ਦਬੋਚ ਲਿਆ ਜਦ ਉਹ ਇਕ ਉਪਭੋਗਤਾ ਦਾ ਬਿਜਲੀ ਮੀਟਰ ਟੈਂਪਰਿਡ ਕਰ ਰਿਹਾ ਸੀ। ਇਸ ਕਾਰਵਾਈ ਵਿਚ ਡਾਇਰੈਕਟਰ ਇਨਫੋਰਸਮੈਂਟ ਲੁਧਿਆਣਾ, ਜਲੰਧਰ ਅਤੇ ਪਟਿਆਲਾ ਤੋਂ ਇਲਾਵਾ ਐਂਟੀ ਪਾਵਰ ਥੈਫਟ ਪੁਲਸ ਸਟੇਸ਼ਨ ਲੁਧਿਆਣਾਂ ਦੀਆਂ ਟੀਮਾਂ ਸ਼ਾਮਲ ਹੋਈਆਂ। ਇਸ ਰੇਡ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਤਾਂ ਕਿ ਇਹ ਸਮਾਜ ਵਿਰੋਧੀ ਅਨਸਰ ਇਕ ਵਾਰ ਫਿਰ ਤੋਂ ਚਕਮਾ ਦੇਣ ਵਿਚ ਸਫਲ ਨਾ ਹੋ ਜਾਣ। ਉਪਭੋਗਤਾ ਨੂੰ ਇਹ ਗਿਰੋਹ ਇਹ ਕਹਿ ਕੇ ਗੁੰਮਰਾਹ ਕਰ ਲੈਂਦਾ ਸੀ ਕਿ ਜੇਕਰ ਤੁਸੀ ਆਪ ਉਨ੍ਹਾਂ ਤੋਂ ਮੀਟਰ ਟੈਂਪਰਿਡ ਕਰਵਾਉਗੇ ਤਾਂ ਤੁਸੀ ਕਦੇ ਫੜੇ ਨਹੀਂ ਜਾਓਗੇ ਤੇ ਤੁਹਾਡਾ ਬਿਜਲੀ ਬਿੱਲ ਵੀ ਕਾਫੀ ਘੱਟ ਆਵੇਗਾ।

ਜਾਣਕਾਰੀ ਅਨੁਸਾਰ ਇਸ ਦਾ ਨਾਮ ਸੁੱਖੀ ਦੱਸਿਆ ਜਾਂਦਾ ਹੈ। ਇਹ ਸੁੱਖੀ ਉਹੀ ਹੈ, ਜਿਸ ਨੇ ਪਿਛਲੇ ਕਈ ਮਹੀਨਿਆਂ ਤੋਂ ਪਾਵਰਕਾਮ ਦੇ ਅਧਿਕਾਰੀਆਂ ਦੀ ਨੀਂਦ ਉਡਾਈ ਹੋਈ ਸੀ। ਇਥੇ ਇਹ ਦੱਸ ਦੇਈਏ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਇਸ ਗਿਰੋਹ ਨੇ ਵੱਡੀ ਸੰਖਿਆਂ 'ਚ ਉਪਭੋਗਤਾ ਦੇ ਬਿਜਲੀ ਮੀਟਰ ਮੂੰਹ ਮੰਗੀ ਰਕਮ ਨਾਲ ਟੈਂਪਰਿਡ ਕਰ ਕੇ ਪੈਸੇ ਬਟੋਰੇ। ਜਦ ਪਾਵਰਕਾਮ 'ਚ ਮੀਟਰ ਟੈਂਪਰਿਡ ਦਾ ਘਪਲਾ ਬੇਨਕਾਬ ਹੋਇਆ ਤਾਂ ਵਿਭਾਗ ਵਿਚ ਭਾਰੀ ਹਲਚਲ ਹੋਈ ਸੀ। ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਉਸ ਸਮੇਂ ਦੇ ਸੀ. ਐੱਮ. ਡੀ. ਨੂੰ ਇਹ ਸਖਤ ਹਿਦਾਇਤਾਂ ਜਾਰੀ ਕਰਨੀਆਂ ਪਈਆਂ ਸੀ ਕਿ ਜਿਨ੍ਹਾਂ ਵੀ ਉਪਭੋਗਤਾ ਨੇ ਮੀਟਰ ਟੈਂਪਰਿਡ ਕਰਵਾਏ ਹਨ। ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਸਪੈਂਡ ਕੀਤਾ ਜਾਵੇ। ਇਹ ਵੀ ਪਤਾ ਲੱਗਾ ਕਿ ਮੰਗਲਵਾਰ ਨੂੰ ਪਾਵਰਕਾਮ ਦੇ ਉੱਚ ਅਧਿਕਾਰੀ ਕਾਬੂ ਕੀਤੇ ਗਏ ਸੁੱਖੀ ਬਾਰੇ ਮੀਡੀਆ ਨੂੰ ਜਾਣਕਾਰੀ ਦੇਣ ਦੀ ਤਿਆਰੀ ਕਰ ਰਹੇ ਹਨ।

 


Deepak Kumar

Content Editor

Related News