ਬਿਜਲੀ ਦੀਆਂ ਤਾਰਾਂ ਨਾਲ ਟਕਰਾਈ ਟਰੈਕਟਰ-ਟਰਾਲੀ, ਲੱਗੀ ਅੱਗ

10/17/2019 1:12:44 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ)—ਝੋਨੇ ਦੀ ਪਰਾਲੀ ਦੀਆਂ ਗੰਢਾਂ ਫੈਕਟਰੀ 'ਚ ਲਿਜਾ ਰਹੀ ਇਕ ਟਰੈਕਟਰ-ਟਰਾਲੀ ਅੱਜ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਟਕਰਾਉਣ 'ਤੇ ਭਿਆਨਕ ਹਾਦਸੇ ਤੋਂ ਬਾਅਦ ਅੱਗ ਦੀਆਂ ਲਪਟਾਂ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਦੇ ਟਾਇਰਾਂ ਨੂੰ ਵੀ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ 'ਚ ਟਰੈਕਟਰ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਪਿੰਡ ਮਧੇਕੇ ਦੇ ਨਿਰਮਲ ਸਿੰਘ ਨੇ ਦੱਸਿਆ ਕਿ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਪਿੰਡ ਕਾਤਰੋਂ ਨੇੜੇ ਸ਼ੇਰਪੁਰ ਦਾ ਵਿਅਕਤੀ ਬਹਾਦਰ ਸਿੰਘ ਪਿੰਡ ਸੈਦੋਕੇ ਤੋਂ ਜੈਤੋਂ ਫੈਕਟਰੀ ਵਿਖੇ ਲਿਜਾ ਰਿਹਾ ਸੀ ਕਿ ਪਿੰਡ ਮਧੇਕੇ ਤੋਂ ਪੱਤੋ ਹੀਰਾ ਸਿੰਘ ਰੋਡ 'ਤੇ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਣ ਟਰਾਲੀ ਦਾ ਤਾਰਾਂ ਨਾਲ ਸੰਪਰਕ ਹੋ ਗਿਆ ਅਤੇ ਇਕ ਵੱਡਾ ਧਮਾਕਾ ਹੋਇਆ, ਜਿਸ ਨਾਲ ਟਰੈਕਟਰ-ਟਰਾਲੀ ਨੂੰ ਅੱਗ ਲੱਗ ਗਈ ਪਰ ਡਰਾਈਵਰ ਨੇ ਹੁਸ਼ਿਆਰੀ ਵਰਤਦਿਆਂ ਚਲਦੇ ਟਰੈਕਟਰ ਤੋਂ ਛਾਲ ਮਾਰ ਦਿੱਤੀ ਅਤੇ ਉਹ ਜ਼ਖਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਇਆ।


Shyna

Content Editor

Related News