ਦਿਨ-ਦਿਹਾੜੇ ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਕੇ ਲੁੱਟੇ ਗਹਿਣੇ ਤੇ ਨਕਦੀ, 3 ਗ੍ਰਿਫ਼ਤਾਰ

03/14/2022 6:36:07 PM

ਮੋਗਾ (ਅਜ਼ਾਦ)-ਜ਼ਿਲ੍ਹਾ ਪੁਲਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਬੀਤੀ 6 ਮਾਰਚ ਨੂੰ ਗਿੱਲ ਰੋਡ ਮੋਗਾ ਨਿਵਾਸੀ ਜਵੈਲਰ ਰਾਜੂ ਸਦਿਓੜਾ ਦੇ ਘਰ ਤੋਂ ਉਸ ਦੀ ਬਜ਼ੁਰਗ ਮਾਤਾ ਰਾਜ ਰਾਣੀ (75) ਨੂੰ ਬੰਧਕ ਬਣਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਗਈ ਸੀ। ਇਸ ਮਾਮਲੇ ਵਿਚ ਮਹਿਲਾ ਸਮੇਤ 3 ਵਿਅਕਤੀਆਂ ਨੂੰ ਪੁਲਸ ਵੱਲੋਂ ਕਾਬੂ ਕਰਕੇ ਉਨ੍ਹਾਂ ਤੋਂ ਲੁੱਟ ਦਾ ਸੋਨਾ ਬਰਾਮਦ ਕਰ ਲਿਆ ਹੈ ਜਦਕਿ ਇਕ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ। 

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਰਾਜੂ ਸਦਿਓੜਾ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ ਸਾਊਥ ਮੋਗਾ ਵਿਚ 7 ਮਾਰਚ ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਰਾਜੂ ਸਦਿਓੜਾ ਨੇ ਕਿਹਾ ਸੀ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਨਾਲ ਲੈ ਕੇ ਲੁਧਿਆਦਾ ਵਿਚ ਦਵਾਈ ਲੈਣ ਦੇ ਲਈ ਗਿਆ ਸੀ ਤਾਂ ਪਿੱਛੋਂ ਮੇਰੀ ਮਾਤਾ ਰਾਜ ਰਾਣੀ ਘਰ ਵਿਚ ਇਕੱਲੀ ਸੀ, ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਘਰ ਵਿਚ ਦਾਖ਼ਲ ਹੋ ਕੇ ਉਸ ਨੂੰ ਬੰਧਕ ਬਣਾ ਲਿਆ ਅਤੇ ਘਰ ਵਿਚ ਪੂਜਾ ਰੂਮ ਵਿਚ ਪਈ ਅਲਮਾਰੀ ਨੂੰ ਤੋੜ ਕੇ 500 ਗ੍ਰਾਮ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਅਖੰਡ ਪਾਠ ਦੀ ਆਰੰਭਤਾ ਨਾਲ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਹੋਈ ਸ਼ੁਰੂਆਤ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਜਾਂਚ ਸਮੇਂ ਪਤਾ ਲੱਗਾ ਕਿ ਉਕਤ ਲੁੱਟ ਦੀ ਘਟਨਾ ਨੂੰ ਰਾਜੂ ਸਦਿਓੜਾ ਦੇ ਕਾਰ ਚਾਲਕ ਜੁਗਰਾਜ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਡਰਾਈਵਰ ਜਗਰਾਜ ਸਿੰਘ ਪਹਿਲਾਂ ਉਸ ਦੇ ਵੱਡੇ ਭਰਾ ਦੇ ਕੋਲ ਕੰਮ ਕਰਦਾ ਸੀ ਪਰ ਹੁਣ ਕਰੀਬ ਦੋ ਸਾਲਾਂ ਤੋਂ ਉਸ ਦੇ ਕੋਲ ਸੀ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲ ਕੇ ਕਥਿਤ ਦੋਸ਼ੀਆਂ ਦਾ ਸੁਰਾਗ ਮਿਲਿਆ। ਉਕਤ ਮਾਮਲੇ ਵਿਚ ਕਥਿਤ ਦੋਸ਼ੀ ਜਗਰਾਜ ਸਿੰਘ ਉਰਫ਼ ਰਾਜਾ ਉਸ ਦੀ ਪਤਨੀ ਬਲਜੀਤ ਕੌਰ ਨਿਵਾਸੀ ਕਲੇਰ ਨਗਰ ਨੇੜੇ ਖਾਟੂ ਧਾਮ ਮੰਦਿਰ ਮੋਗਾ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕੀਤਾ ਗਿਆ ਜਦਕਿ ਤੀਜੇ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਉਰਫ਼ ਕਾਲੂ ਨਿਵਾਸੀ ਕਲੇਰ ਨਗਰ ਮੋਗਾ ਨੂੰ ਰੇਲਵੇ ਸਟੇਸ਼ਨ ਮੋਗਾ ਤੋਂ ਕਾਬੂ ਕੀਤਾ ਗਿਆ ਅਤੇ ਉਸ ਦੇ ਕੋਲੋਂ ਵਾਰਦਾਤ ਦੇ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਵੀ ਬਰਾਮਦ ਕੀਤਾ ਗਿਆ। 

ਇਹ ਵੀ ਪੜ੍ਹੋ: ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ 6 ਰੋਜ਼ਾ ਕੌਮੀ ਤਿਉਹਾਰ ਹੋਲੇ-ਮਹੱਲੇ ਦਾ ਪਹਿਲਾ ਪੜਾਅ ਅੱਜ ਤੋਂ

ਪੁਲਸ ਨੇ ਤਿੰਨੋਂ ਕਥਿਤ ਦੋਸ਼ੀਆਂ ਤੋਂ 32 ਤੋਲੇ ਸੋਨੇ 2 ਗ੍ਰਾਮ 530 ਮਿਲੀਗ੍ਰਾਮ ਸੋਨਾ ਬਰਾਮਦ ਕੀਤਾ ਜਦਕਿ ਉਕਤ ਮਾਮਲੇ ਵਿਚ ਤੀਜੇ ਕਥਿਤ ਦੋਸ਼ੀ ਸਤਨਾਮ ਸਿੰਘ ਉਰਫ਼ ਨਿੱਕਾ ਨਿਵਾਸੀ ਕਲੇਰ ਨਗਰ ਮੋਗਾ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਗਰਾਜ ਸਿੰਘ ਅਤੇ ਉਸਦੀ ਪਤਨੀ ਬਲਜੀਤ ਕੌਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 16 ਮਾਰਚ ਤੱਕ ਪੁਲਸ ਰਿਮਾਂਡ ਹਾਸਲ ਕੀਤਾ ਗਿਆ, ਜਦਕਿ ਤੀਜੇ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਉਰਫ਼ ਕਾਲੂ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੌਥੇ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਗੈਸਟ ਹਾਊਸ ’ਚੋਂ ਰੰਗਰਲੀਆਂ ਮਨਾਉਂਦੇ ਫੜੇ ਗਏ ਮੁੰਡੇ-ਕੁੜੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri