ਬਜ਼ੁਰਗ ਔਰਤ ਨੂੰ ਬੰਦੀ ਬਣਾ ਨੌਕਰ ਜੋੜੇ ਨੇ ਘਰ ''ਚ ਕੀਤੀ ਵਾਰਦਾਤ

12/29/2019 12:47:29 AM

ਲੁਧਿਆਣਾ, (ਰਿਸ਼ੀ)- 3 ਦਿਨ ਪਹਿਲਾਂ ਰੱਖੇ ਨੌਕਰ ਜੋੜੇ ਨੇ ਬਜ਼ੁਰਗ ਮਾਲਕਣ ਦੇ ਇਕੱਲੇ ਹੋਣ ਦਾ ਫਾਇਦਾ ਲੈ ਕੇ ਪਹਿਲਾਂ ਕੁੱਟ-ਮਾਰ ਕਰ ਕੇ ਬੰਦੀ ਬਣਾਇਆ, ਬਾਅਦ ਵਿਚ ਅਲਮਾਰੀ ਦੇ ਲਾਕ ਤੋੜ ਕੇ 2 ਲੱਖ ਦੀ ਨਕਦੀ, 15 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਪਰਚਾ ਦਰਜ ਕਰ ਕੇ ਮੁਜਰਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਗਿੱਲ ਰੋਡ 'ਤੇ ਸਾਈਕਲ ਦਾ ਕਾਰੋਬਾਰ ਹੈ। 3 ਦਿਨ ਪਹਿਲਾਂ ਹੀ ਉਨ੍ਹਾਂ ਨੇ ਨੌਕਰ ਰੱਖੇ ਸਨ, ਜਿਨ੍ਹਾਂ ਨੇ ਖੁਦ ਨੂੰ ਪਤੀ-ਪਤਨੀ ਬਣਾ ਕੇ ਨਾਂ ਸ਼ਿਵਾ ਅਤੇ ਕਾਜਲ ਦੱਸਿਆ ਪਰ ਉਨ੍ਹਾਂ ਤੋਂ ਕੋਈ ਆਈ. ਡੀ. ਪਰੂਫ ਨਹੀਂ ਲਿਆ। ਸ਼ੁੱਕਰਵਾਰ ਸਵੇਰ 8.30 ਵਜੇ ਘਰੋਂ ਕੰਮ 'ਤੇ ਚਲਾ ਗਿਆ। ਲਗਭਗ 9 ਵਜੇ ਪਤਨੀ ਕਵਿਤਾ ਨੇ ਫੋਨ ਕਰ ਕੇ ਵਾਰਦਾਤ ਦੀ ਸੂਚਨਾ ਦਿੱਤੀ।

ਪਤਨੀ ਦੇ ਮੁਤਾਬਕ ਪਤੀ ਦੇ ਜਾਂਦੇ ਹੀ ਦੋਵਾਂ ਨੇ ਕਮਰੇ ਵਿਚ ਆ ਕੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਘਰ ਦੇ ਥੱਲੇ ਬੇਸਮੈਂਟ ਵਿਚ ਲੈ ਗਏ ਅਤੇ ਆਪਣੇ ਕੁਝ ਸਾਥੀਆਂ ਨੂੰ ਬੁਲਾਇਆ ਅਤੇ ਕੁਝ ਮਿੰਟਾਂ ਵਿਚ ਹੱਥ ਸਾਫ ਕਰ ਗਏ। ਉਸ ਨੇ ਕਿਸੇ ਤਰ੍ਹਾਂ ਆਪਣੇ ਹੱਥ-ਪੈਰ ਖੋਲ੍ਹ ਕੇ ਪਤੀ ਨੂੰ ਸੂਚਨਾ ਦਿੱਤੀ। ਪੁਲਸ ਦੇ ਮੁਤਾਬਕ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਲਗਭਗ 10 ਸਾਲ ਪਹਿਲਾਂ ਇਸੇ ਜੋੜੇ ਦੇ ਬੇਟੇ ਦਾ ਫਿਰੌਤੀ ਮੰਗਣ 'ਤੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਲਾਸ਼ ਸ਼ਿਮਲਾ ਤੋਂ ਬਰਾਮਦ ਹੋਈ ਸੀ।

10 ਦਿਨਾਂ ਵਿਚ ਬਦਲੇ 3 ਪਤੀ-ਪਤਨੀ ਨੌਕਰ
ਪੁਲਸ ਦੇ ਮੁਤਾਬਕ ਜੋੜੇ ਵੱਲੋਂ 10 ਦਿਨਾਂ ਵਿਚ 3 ਵਾਰ ਜੋੜੇ ਨੌਕਰ ਬਦਲੇ ਗਏ। ਸਭ ਤੋਂ ਪਹਿਲਾਂ ਕੰਮ 'ਤੇ ਆਏ ਜੋੜੇ ਨੇ ਰਹਿਣ ਦੇ ਲਈ ਜਗ੍ਹਾ ਨਾ ਹੋਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਦੂਜੇ ਜੋੜੇ ਨੂੰ ਭੇਜਿਆ, ਜਿਨ੍ਹਾਂ ਤੋਂ ਆਈ. ਡੀ. ਪਰੂਫ ਵੀ ਲਏ ਪਰ ਉਹ ਵੀ ਚਲੇ ਗਏ। 3 ਦਿਨ ਪਹਿਲਾਂ ਉਕਤ ਮੁਜਰਮਾਂ ਨੇ ਖੁਦ ਕਾਲ ਕੀਤੀ। ਪਤੀ ਨੇ ਖੁਦ ਨੂੰ ਚੌਕੀਦਾਰ ਦੱਸਿਆ। ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਕੰਮ 'ਤੇ ਰੱਖਿਆ ਅਤੇ ਵਾਰਦਾਤ ਕਰ ਕੇ ਚਲੇ ਗਏ।


Bharat Thapa

Content Editor

Related News