ਘਰ ਦੇ ਮੁਆਵਜ਼ੇ ਨੂੰ ਲੈ ਕੇ 70 ਸਾਲਾ ਬਜ਼ੁਰਗ ਔਰਤ ਟੈਂਕੀ ’ਤੇ ਚੜ੍ਹੀ

09/30/2021 1:05:05 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ): ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਘਨੌਰ ਕਲਾਂ ਵਿਖੇ ਇਕ ਔਰਤ ਅੱਜ ਸਵੇਰੇ ਪਿੰਡ ਵਿਚ ਬਣੀ ਵਾਟਰ ਵਰਕਸ ਵਾਲੀ ਟੈਂਕੀ ਤੇ ਚੜ੍ਹ ਗਈ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਤੁਰੰਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਵਾਟਰ ਵਰਕਸ ਵਾਲੀ ਜਗ੍ਹਾ ਤੇ ਪੁੱਜ ਗਏ।ਬੇਸ਼ੱਕ ਬਜ਼ੁਰਗ ਔਰਤ ਸੁਰਿੰਦਰ ਕੌਰ ਨੂੰ ਟੈਂਕੀ ਤੋਂ ਉਤਾਰਨ ਲਈ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਗਏ ਪਰ ਬਜ਼ੁਰਗ ਔਰਤ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਤੱਕ ਵਾਟਰ ਵਰਕਸ ਦੀ ਟੈਂਕੀ ’ਤੇ ਹੀ ਡਟੇ ਰਹਿਣ ਦਾ ਐਲਾਨ ਕਰ ਦਿੱਤਾ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਔਰਤ ਸੁਰਿੰਦਰ ਕੌਰ ਪਤਨੀ ਸਾਬਕਾ ਫ਼ੌਜੀ ਚੂਹੜ ਸਿੰਘ ਵਾਸੀ ਘਨੌਰ ਕਲਾਂ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਪਿੰਡ ਦੇ ਛੱਪੜ ਨਜ਼ਦੀਕ ਪੈਂਦਾ ਹੈ। ਬਜ਼ੁਰਗ ਔਰਤ ਸੁਰਿੰਦਰ ਕੌਰ ਅਨੁਸਾਰ ਪਿੰਡ ਦੀ ਪੰਚਾਇਤ ਵੱਲੋਂ ਛੱਪੜ ਨੂੰ 35 ਤੋਂ 40 ਫੁੱਟ ਤੱਕ ਡੂੰਘਾ ਪੁੱਟਣ ਕਾਰਨ ਛੱਪੜ ਦੀ ਸਲ੍ਹਾਬ ਉਨ੍ਹਾਂ ਦੇ ਘਰ ਦੀਆਂ ਨੀਂਹਾਂ ਤੱਕ ਪੁੱਜ ਗਈ ਜਿਸ ਕਾਰਨ ਉਸ ਦੇ ਘਰ ਦੀ ਨੀਂਹਾ ਤੇ ਕੰਧਾਂ ਦੱਬ ਗਈਆਂ ਹਨ। ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਮਕਾਨ ਦੀ ਕੀਮਤ ਲਗਭਗ 40 ਲੱਖ ਰੁਪਏ ਦੇ ਕਰੀਬ ਹੈ। ਜਿਸ ਦੀਆਂ ਕੰਧਾਂ, ਕੋਠਿਆਂ ਦੀਆਂ ਛੱਤਾਂ ਅਤੇ ਲੈਂਟਰ ਪੂਰੀ ਤਰ੍ਹਾਂ ਤਰੇੜਾਂ ਨਾਲ ਪਾਟ ਗਿਆ ਹੈ। ਅਤੇ ਛੱਤਾਂ ਨੂੰ ਡਿੱਗਣ ਤੋਂ ਰੋਕਣ ਲਈ ਲੋਹੇ ਦੀਆਂ ਥੰਮੀਆਂ ਦਾ ਸਹਾਰਾ ਲਗਾਇਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਉਹ ਪਿੰਡ ਦੀ ਪੰਚਾਇਤ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ੇਰਪੁਰ, ਐੱਸ.ਡੀ.ਐੱਮ. ਧੂਰੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਇਨਸਾਫ਼ ਲੈਣ ਲਈ ਪਿਛਲੇ ਕਈ ਮਹੀਨਿਆਂ ਤੋਂ ਦਰ-ਦਰ ਭਟਕ ਰਹੀ ਹੈ ਪਰ ਸਿਵਾਏ ਲਾਰਿਆਂ ਤੋਂ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪਿਆ, ਜਿਸ ਕਾਰਨ ਉਸ ਨੂੰ ਅੱਜ ਇਹ ਮਜ਼ਬੂਰੀ ਬਸ ਸਖ਼ਤ ਫ਼ੈਸਲਾ ਲੈਣਾ ਹੀ ਪਿਆ। ਉਨ੍ਹਾਂ ਕਿਹਾ ਕਿ ਉਸ ਨੂੰ ਘਰ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਛੱਪੜ ਵਿੱਚ ਪੁੱਟਿਆ ਹੋਇਆ ਟੋਆ ਬੰਦ ਨਹੀਂ ਕੀਤਾ ਜਾਂਦਾ। ਉਨ੍ਹਾਂ ਸਮਾਂ ਉਹ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਨਹੀਂ ਉਤਰੇਗੀ। ਬਜ਼ੁਰਗ ਸੁਰਿੰਦਰ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਉਸ ਦਾ ਪਤੀ 22 ਸਾਲ ਫ਼ੌਜ ਵਿੱਚ ਸੇਵਾ ਕਰਕੇ ਆਇਆ ਹੈ ਅਤੇ ਉਸ ਦੇ ਪੁੱਤਰ ਨੇ ਲੰਮਾ ਸਮਾਂ ਪੰਜਾਬ ਪੁਲਸ ਵਿੱਚ ਸੇਵਾ ਕੀਤੀ ਹੈ। ਉਸ ਦੇ ਪਤੀ ਦੀ ਉਮਰ 86 ਸਾਲ ਹੈ ਅਤੇ ਉਹ ਕੰਮ ਕਰਨ ਤੋਂ ਅਸਮਰੱਥ ਹੈ ਅਤੇ ਉਸ ਦੇ ਪੁੱਤਰ ਦੀ ਮੌਤ ਬੀਤੇ ਸਮੇਂ ਵਿੱਚ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਸ ਦੀ ਵਿਧਵਾ ਨਣਦ ਜਿਸ ਦੀ ਉਮਰ ਲਗਭਗ ਸੌ ਸਾਲ ਦੇ ਕਰੀਬ ਹੈ ਵੀ ਉਹ ਉਨ੍ਹਾਂ ਦੇ ਨਾਲ ਇਸੇ ਮਕਾਨ ਵਿੱਚ ਰਹਿੰਦੀ ਹੈ। ਪਰ ਉਨ੍ਹਾਂ ਦੇ ਘਰ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਘਰ ਦੇ ਅੰਦਰ ਛੱਤਾਂ ਥੱਲੇ ਪੈਂਦੇ ਹੋਏ ਵੀ ਡਰ ਲੱਗਦਾ ਹੈ ਜਿਸ ਕਾਰਨ ਉਹ ਬਾਹਰ ਖੁੱਲ੍ਹੇ ਅਸਮਾਨ ਹੇਠ ਸੌਂਦੇ ਹਨ। ਖ਼ਬਰ ਲਿਖੇ ਜਾਣ ਤੱਕ ਬਜ਼ੁਰਗ ਔਰਤ ਸੁਰਿੰਦਰ ਕੌਰ ਵਾਟਰ ਬਾਕਸ ਤੇ ਚੜ੍ਹ ਕੇ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। 

ਕੀ ਕਹਿੰਦੇ ਹਨ ਸਰਪੰਚ: ਇਸ ਸੰਬੰਧੀ ਜਦੋਂ ਗ੍ਰਾਮ ਪੰਚਾਇਤ ਪਿੰਡ ਘਨੌਰ ਕਲਾਂ ਦੇ ਸਰਪੰਚ ਭੀਲਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਛੱਪੜ ਦੀ ਪੁਟਾਈ ਪਿਛਲੇ ਢਾਈ ਸਾਲ ਪਹਿਲਾਂ 8-9 ਫੁੱਟ ਕੀਤੀ ਗਈ ਸੀ।ਇਸ ਕਰਕੇ ਛੱਪੜ ਦੀ ਸਲ੍ਹਾਬ ਕੰਧਾਂ ਨੂੰ ਨਹੀਂ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਹ ਮਕਾਨ ਜਿਸ ਦੀ ਕੰਧ ਖ਼ਰਾਬ ਹੋਈ ਹੈ, ਉਹ ਛੱਪੜ ਦੇ ਪਾਣੀ ਤੋਂ ਕਾਫ਼ੀ ਦੂਰ ਹੈ। ਸਰਪੰਚ ਪੀਲਾ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਜ਼ੁਰਗ ਔਰਤ ਸੁਰਿੰਦਰ ਕੌਰ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਲਈ ਯਤਨ ਕੀਤੇ ਜਾ ਰਹੇ ਹਨ। 

ਕੀ ਕਹਿੰਦੇ ਹਨ ਬੀ.ਡੀ.ਪੀ.ਓ: ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ੇਰਪੁਰ ਜਗਰਾਜ ਸਿੰਘ ਨੇ ਕਿਹਾ ਕਿ ਪੰਚਾਇਤੀ ਰਾਜ ਦੇ ਟੈਕਨੀਕਲ ਜੇ.ਈ. ਦੀ ਰਿਪੋਰਟ ਅਨੁਸਾਰ ਜੋ ਸੁਰਿੰਦਰ ਕੌਰ ਦੀਆਂ ਕੰਧਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਕਾਰਨ ਛੱਪੜ ਨਹੀਂ ਹੈ। 
ਕੀ ਕਹਿੰਦੇ ਹਨ ਐੱਸ.ਡੀ.ਐੱਮ ਧੂਰੀ: ਜਦੋਂ ਸਬ-ਡਵੀਜ਼ਨ ਧੂਰੀ ਦੇ ਐੱਸ.ਡੀ.ਐੱਮ. ਮੈਡਮ ਇਸ਼ਮਿਤ ਵਿਜੇ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਬਜ਼ੁਰਗ ਔਰਤ ਉਨ੍ਹਾਂ ਪਾਸ ਬੀਤੇ ਕੱਲ ਹੀ ਆਏ ਸਨ ਅਤੇ ਉਨ੍ਹਾਂ ਇਸ ਸਬੰਧੀ ਨਾਇਬ ਤਹਿਸੀਲਦਰ ਸ਼ੇਰਪੁਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ੇਰਪੁਰ ਨੂੰ ਦੋ ਦਿਨਾਂ ਬਣਦੀ ਕਾਰਵਾਈ ਸਬੰਧੀ ਰਿਪੋਰਟ ਕਰਨ ਲਈ ਹਦਾਇਤ ਕੀਤੀ ਸੀ ਪਰ ਸੁਰਿੰਦਰ ਕੌਰ ਵੱਲੋਂ ਬਿਨਾਂ ਕਿਸੇ ਕਾਰਵਾਈ ਦੀ ਰਿਪੋਰਟ ਉਡੀਕਣ ਤੋਂ ਪਹਿਲਾਂ ਹੀ ਅੱਜ ਸਵੇਰੇ ਵਾਟਰ ਵਰਕਸ ਦੀ ਟੈਂਕੀ ਤੇ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।


Shyna

Content Editor

Related News