ਡਾਕਟਰਾਂ ਦੀ ਲਾਪ੍ਰਵਾਹੀ ਨਾਲ ਹੋਈ ਬਜ਼ੁਰਗ ਦੀ ਮੌਤ : ਪਰਿਵਾਰਕ ਮੈਂਬਰ

01/21/2020 12:46:15 AM

ਬਠਿੰਡਾ, (ਵਰਮਾ)- ਵਿਵਾਦਾਂ ਨਾਲ ਦਿੱਲੀ ਹਾਰਟ ਦਾ ਰਿਸ਼ਤਾ ਲਗਾਤਾਰ ਜੁਡ਼ਦਾ ਹੀ ਜਾ ਰਿਹਾ ਹੈ, ਜਿਊਂਦੇ ਵਿਅਕਤੀ ਨੂੰ ਮ੍ਰਿਤਕ ਐਲਾਨ ਕਰਨ ਦਾ ਮਾਮਲਾ ਅਜੇ ਠੰਡਾ ਨਹੀਂ ਪੈ ਰਿਹਾ ਸੀ ਕਿ ਸੋਮਵਾਰ ਨੂੰ ਇਕ ਬਜ਼ੁਰਗ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਇਸਨੂੰ ਡਾਕਟਰਾਂ ਦੀ ਲਾਪ੍ਰਵਾਹੀ ਦੱਸਿਆ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਇਕੱਠੇ ਹੋ ਕੇ ਹਸਪਤਾਲ ਬਾਹਰ ਨਾਅਰੇਬਾਜ਼ੀ ਕੀਤੀ। ਫਰੀਦਕੋਟ ਕੋਟਲੀ ਵਾਸੀ ਸੰਦੀਪ ਸਿੰਘ ਨੇ ਦੱਸਿਆ ਕਿ ਉਸਦੀ 50 ਸਾਲਾ ਮਾਤਾ ਕਰਮਜੀਤ ਕੌਰ ਪਤਨੀ ਕਰਨੈਲ ਸਿੰਘ ਦੀ ਛਾਤੀ ’ਚ ਅਚਾਨਕ ਦਰਦ ਹੋਇਆ ਜਿਸ ਨੂੰ ਲੈ ਕੇ ਉਹ 17 ਜਨਵਰੀ ਨੂੰ ਦਿੱਲੀ ਹਾਰਟ ਹਸਪਤਾਲ ’ਚ ਲੈ ਕੇ ਗਏ। ਡਾਕਟਰਾਂ ਨੇ ਜਾਂਚ ਕਰ ਕੇ ਕਿਹਾ ਕਿ ਉਨ੍ਹਾਂ ਦੀ ਮਾਤਾ ਦੇ ਦਿਲ ਨੂੰ ਜਾਣ ਵਾਲੀ ਧਮਣੀ ਬਲਾਕ ਹੋ ਗਈ ਅਤੇ ਸਟੰਟ ਪਾਉਣਾ ਪਵੇਗਾ। ਪਰਿਵਾਰ ਵਾਲਿਆਂ ਨੇ ਇਸਦੀ ਮਨਜ਼ੂਰੀ ਦੇ ਦਿੱਤੀ ਪਰ 2 ਦਿਨ ਬਾਅਦ ਹੀ ਅਚਾਨਕ ਹਾਲਤ ਵਿਗਡ਼ਣ ਲੱਗੀ ਤਾਂ ਦਿੱਲੀ ਹਾਰਟ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ ’ਚ ਲੈ ਜਾਵੋ। ਐਤਵਾਰ ਰਾਤ ਜਿਵੇਂ ਹੀ ਹਾਲਤ ਵਿਗਡ਼ੀ ਤਾਂ ਆਈ. ਸੀ. ਯੂ. ਦੇ ਡਾਕਟਰ ਉਨ੍ਹਾਂ ਨੂੰ ਤੁਰੰਤ ਲਿਜਾਣ ਲਈ ਦਬਾਅ ਬਣਾਉਣ ਲੱਗੇ, ਉਦੋਂ ਤਕ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਸੀ, ਉਥੇ ਮੌਜੂਦ ਡਾਕਟਰਾਂ ਨੇ ਬਿਲਕੁਲ ਵੀ ਤਰਸ ਨਹੀਂ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿਚ ਲਾਸ਼ ਨੂੰ ਰੱਖਣ ਲਈ ਕੋਈ ਜਗ੍ਹਾ ਨਹੀਂ, ਘਰ ਲੈ ਜਾਵੋ। ਸੋਮਵਾਰ ਸਵੇਰੇ ਉਨ੍ਹਾਂ ਦੇ ਪਿੰਡ ਜਿਵੇਂ ਹੀ ਕਰਮਜੀਤ ਕੌਰ ਦੀ ਮੌਤ ਦੀ ਸੂਚਨਾ ਮਿਲੀ ਤਾਂ ਰਿਸ਼ਤੇਦਾਰ ਅਤੇ ਪਿੰਡ ਵਾਸੀ ਹਸਪਤਾਲ ’ਚ ਇਕੱਠੇ ਹੋਏ ਅਤੇ ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਲਾਪ੍ਰਵਾਹੀ ਨਾਲ ਕਰਮਜੀਤ ਕੌਰ ਦੀ ਮੌਤ ਹੋਈ ਹੈ ਉਸਨੂੰ ਤਾਂ ਸਿਰਫ ਛਾਤੀ ’ਚ ਹੀ ਦਰਦ ਸੀ ਪਰ ਡਾਕਟਰਾਂ ਨੇ ਜਬਰੀ ਸਟੰਟ ਪਾ ਦਿੱਤਾ। ਇਲਾਜ ਸਹੀ ਨਾ ਹੋਣ ਕਾਰਣ ਹੀ ਮਰੀਜ਼ ਦੀ ਮੌਤ ਹੋਈ, ਜਿਸ ਲਈ ਹਸਪਤਾਲ ਪ੍ਰਬੰਧਕ ਜ਼ਿੰਮੇਦਾਰ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਹਸਪਤਾਲ ਨੇ ਪੂਰੇ ਪੈਸੇ ਲੈ ਣ ਦੇ ਬਾਵਜੂਦ ਇਸਦਾ ਸਹੀ ਇਲਾਜ ਨਹੀਂ ਕੀਤਾ ਅਤੇ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।

ਕੀ ਕਹਿਣਾ ਹੈ ਹਸਪਤਾਲ ਦੇ ਮੈਨੇਜਰ ਦਾ

ਦਿੱਲੀ ਹਾਰਟ ਦੇ ਮੈਨੇਜਰ ਸੰਦੀਪ ਪਰਚੰਦਾ ਨੇ ਕਿਹਾ ਕਿ ਇਲਾਜ ਬਿਲਕੁਲ ਠੀਕ ਕੀਤਾ ਗਿਆ ਪਰ ਦਿਲ ਦੇ ਦੌਰੇ ਕਾਰਣ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਸਭ ਕੁਝ ਸਾਫ ਹੋ ਜਾਵੇਗਾ ਕਿ ਮੌਤ ਕਿਵੇਂ ਹੋਈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੇ ਸਹੀ ਇਲਾਜ ਕੀਤਾ ਅਤੇ ਆਪ੍ਰੇਸ਼ਨ ਵੀ ਸਫਲ ਰਿਹਾ। ਅਚਾਨਕ ਹਾਰਟ ਅਟੈਕ ਨਾਲ ਮੌਤ ਹੋਈ ਇਹ ਭਗਵਾਨ ਦੇ ਹੱਥ ’ਚ ਹੈ। ਫਿਲਹਾਲ ਮਾਮਲਾ ਗੰਭੀਰ ਬਣਦਾ ਜਾ ਰਿਹਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।


Bharat Thapa

Content Editor

Related News