ਬਜ਼ੁਰਗ ਦਾ ATM ਕਾਰਡ ਧੋਖੇ ਨਾਲ ਬਦਲ ਕੇ ਕਢਵਾਏ 3 ਲੱਖ 30 ਹਜ਼ਾਰ

07/16/2020 2:31:39 AM

ਮੋਗਾ,(ਆਜ਼ਾਦ)- ਇੰਦਰ ਸਿੰਘ ਗਿੱਲ ਨਗਰ ਮੋਗਾ ਨਿਵਾਸੀ ਇਕ ਬਜ਼ੁਰਗ ਦਾ ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਇਕ ਬਾਘਾ ਪੁਰਾਣਾ ਦੇ ਨੌਜਵਾਨ ਵਲੋਂ ਉਸਦੇ ਬੈਂਕ ਖਾਤੇ ਵਿਚੋਂ ਏ. ਟੀ. ਐੱਮ. ਰਾਹੀਂ 3 ਲੱਖ 30 ਹਜ਼ਾਰ ਰੁਪਏ ਕਢਵਾ ਕੇ ਚੂਨਾ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ ਬਜ਼ੁਰਗ ਹਰਚੰਦ ਸਿੰਘ ਪੁੱਤਰ ਗੁਰਪਾਲ ਸਿੰਘ ਦੀ ਸ਼ਿਕਾਇਤ ’ਤੇ ਦੋਸ਼ੀ ਜਗਜੀਤ ਸਿੰਘ ਉਰਫ ਲਾਡੀ ਪੁੱਤਰ ਮਲੂਕ ਸਿੰਘ ਨਿਵਾਸੀ ਪੁਰਾਣਾ ਪੱਤੀ ਨੇੜੇ ਗੁਰੂ ਨਾਨਕ ਹਾਈ ਸਕੂਲ ਬਾਘਾਪੁਰਾਣਾ ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 25 ਜੂਨ ਨੂੰ ਹਰਚੰਦ ਸਿੰਘ ਬਜ਼ੁਰਗ ਜਦੋਂ ਜੀ. ਟੀ. ਰੋਡ ਮੋਗਾ ’ਤੇ ਯੂਕੋ ਬੈਂਕ ਦੇ ਏ. ਟੀ. ਐੱਮ. ਵਿਚੋਂ ਆਪਣੇ ਏ. ਟੀ. ਐੱਮ. ਕਾਰਡ ਰਾਹੀਂ ਪੈਸੇ ਕਢਵਾਉਣ ਲਈ ਆਇਆ ਤਾਂ ਉਸ ਨੇ 4 ਹਜ਼ਾਰ ਰੁਪਏ ਨਕਦ ਕਢਵਾ ਲਏ ਤਾਂ ਇਸ ਦੌਰਾਨ ਉਸਦੇ ਪਿੱਛੇ ਖੜੇ ਦੋਸ਼ੀ ਨੇ ਉਸ ਦੇ ਏ. ਟੀ. ਐੱਮ. ਕਾਰਡ ਦੇ ਨੰਬਰ ਨੂੰ ਪੜ੍ਹ ਲਿਆ, ਜਦੋਂ ਹਰਚੰਦ ਸਿੰਘ ਪੈਸੇ ਕਢਵਾ ਕੇ ਬਾਹਰ ਨਿਕਲਣ ਲੱਗਾ ਤਾਂ ਏ. ਟੀ. ਐੱਮ. ਕਾਰਡ ਉਸਦੇ ਹੱਥ ਵਿਚ ਸੀ ਇਸ ਦੌਰਾਨ ਦੋਸ਼ੀ ਨੇ ਉਸ ਨੂੰ ਮਾਮੂਲੀ ਧੱਕਾ ਮਾਰਿਆ, ਜਿਸ ਨਾਲ ਬਜ਼ੁਰਗ ਦਾ ਕਾਰਡ ਡਿੱਗ ਪਿਆ। ਦੋਸ਼ੀ ਨੇ ਹੁਸ਼ਿਆਰੀ ਕਰਦਿਆਂ ਉਸਦੀ ਸਹਾਇਤਾ ਕਰਨ ਦੀ ਆੜ ਵਿਚ ਏ. ਟੀ. ਐੱਮ. ਕਾਰਡ ਬਦਲ ਲਿਆ ਅਤੇ ਬਜ਼ੁਰਗ ਦਾ ਏ. ਟੀ. ਐੱਮ. ਕਾਰਡ ਆਪਣੇ ਕੋਲ ਰੱਖ ਲਿਆ।

ਇਸ ਉਪਰੰਤ ਦੋਸ਼ੀ ਨੇ 25 ਜੂਨ ਤੋਂ ਲੈ ਕੇ 9 ਜੁਲਾਈ ਤੱਕ ਉਸਦੇ ਬੈਂਕ ਖਾਤੇ ਵਿਚੋਂ 3 ਲੱਖ 30 ਹਜ਼ਾਰ ਰੁਪਏ ਕਢਵਾ ਲਏ, ਜਦੋਂ ਬਜ਼ੁਰਗ ਨੂੰ ਪਤਾ ਲੱਗਾ ਤਾਂ ਉਸਨੇ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਤੁਰੰਤ ਏ. ਟੀ. ਐੱਮ. ਵਿਚ ਲੱਗੇ ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਤਾਂ ਦੋਸ਼ੀ ਦੀ ਜਾਣਕਾਰੀ ਮਿਲੀ, ਜਿਸ ਨੂੰ ਅਸੀਂ ਆਪਣੇ ਢੰਗ ਨਾਲ ਹੋਰਨਾਂ ਕਈ ਵਿਅਕਤੀਆਂ ਨਾਲ ਸਾਂਝਾ ਕੀਤਾ ਅਤੇ ਆਖਿਰ ਉਸਦੀ ਪਹਿਚਾਣ ਜਗਜੀਤ ਸਿੰਘ ਉਰਫ ਲਾਡੀ ਨਿਵਾਸੀ ਬਾਘਾਪੁਰਾਣਾ ਦੇ ਤੌਰ ’ਤੇ ਹੋ ਗਈ, ਜਿਸ ’ਤੇ ਦੋਸ਼ੀ ਖ਼ਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Bharat Thapa

Content Editor

Related News