ਸੀ. ਪੀ. ਆਈ. (ਐੱਮ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ

07/01/2020 1:49:54 AM

ਜਲਾਲਾਬਾਦ, (ਸੇਤੀਆ, ਸੁਮਿਤ, ਬੰਟੀ, ਬਜਾਜ, ਨਿਖੰਜ, ਜਤਿੰਦਰ)– ਸੀ. ਪੀ. ਆਈ. (ਐੱਮ) ਤਹਿਸੀਲ ਜਲਾਲਾਬਾਦ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਕੀਤੇ ਜਾ ਰਹੇ ਵਾਧੇ ਦੇ ਖਿਲਾਫ ਕਾ. ਨੱਥਾ ਸਿੰਘ ਤਹਿਸੀਲ ਸਕੱਤਰ ਦੀ ਅਗਵਾਈ ’ਚ ਜਲਾਲਾਬਾਦ ਬੱਸ ਸਟੈਂਡ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਡੀਜ਼ਲ ਅਤੇ ਪੈਟਰੋਲ ਦੀਆਂ ਵਧਾਈਆ ਗਈਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਕਾ. ਨੱਥਾ ਸਿੰਘ, ਕਾ. ਗੁਰਚਰਨ ਸਿੰਘ ਅਰੋਡ਼ਾ, ਕਾ. ਕਰਨੈਲ ਟਿਵਾਨਾ, ਫੈੱਡਰੇਸ਼ਨ ਆਗੂ ਸੁਰਿੰਦਰ ਕੰਬੋਜ, ਮੇਜਰ ਸਿੰਘ ਅਤੇ ਪ੍ਰਕਾਸ਼ ਦੋਸ਼ੀ ਨੇ ਨਰਿੰਦਰ ਮੋਦੀ ਸਰਕਾਰ ਦੀ ਸਖਤ ਸ਼ਬਦਾਂ ’ਚ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨ-ਮਜ਼ਦੂਰ ਅਤੇ ਮੁਲਾਜ਼ਮਾਂ ’ਤੇ ਲਗਾਤਾਰ ਹਮਲੇ ਜਾਰੀ ਰੱਖ ਰਹੀ ਹੈ। ਪਾਰਲੀਮੈਂਟ ’ਚ ਬਿਲ ਲਿਆ ਕੇ ਬਹਿਸ ਕਰਨ ਤੋਂ ਬਾਅਦ ਕਾਨੂੰਨ ਬਨਾਉਣ ਦੀ ਬਜਾਏ ਕਈ ਆਰਡੀਨੈਂਸ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ 2020, ਖੇਤੀ ਉਪਜ਼, ਵਪਾਰ ਅਤੇ ਵਣਜ ਆਰਡੀਨੈਂਸ 2020 ਅਤੇ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਬਾਰੇ ਕਿਸਾਨੀ ਠੇਕਾ ਆਰਡੀਨੈਂਸ ਜਾਰੀ ਕੀਤੇ ਗਏ ਹਨ।

ਸਮੂਹ ਬੁਲਾਰਿਆਂ ਨੇ ਕਿਹਾ ਕਿ ਸਾਰੇ ਦੇਸ਼ ’ਚ ਕਿਸਾਨ-ਮਜ਼ਦੂਰ ਹਿਤੈਸ਼ੀ ਪਾਰਟੀਆਂ ਅਤੇ ਯੂਨੀਅਨਾਂ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਸਮੂਹ ਬੁਲਾਰਿਆਂ ਨੇ ਡੀਜ਼ਲ-ਪੈਟਰੋਲ ਦੀਆਂ ਵਧਾਈਆ ਗਈਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਪੈਟ੍ਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਬਿਲਕੁਲ ਨੀਵੇਂ ਪੱਧਰ ’ਤੇ ਆ ਜਾਣ ਤੋਂ ਬਾਅਦ ਵੀ ਨਰਿੰਦਰ ਮੋਦੀ ਸਰਕਾਰ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰ ਰਹੀ ਹੈ। ਇਹ ਦੇਸ਼ ’ਚ ਪਹਿਲੀ ਵਾਰ ਹੋ ਰਿਹਾ ਹੈ ਕਿ ਡੀਜ਼ਲ ਦੀਆਂ ਕੀਮਤਾਂ ਪੈਟਰੋਲ ਦੀਆਂ ਕੀਮਤਾਂ ਤੋਂ ਵੱਧ ਗਈਆਂ ਹਨ। ਜੇਕਰ ਨਰਿੰਦਰ ਮੋਦੀ ਸਰਕਾਰ ਨੇ ਤਾਨਾਸ਼ਾਹੀ ਵਾਲਾ ਰਵੱਈਆ ਜਾਰੀ ਰੱਖਿਆ ਤਾਂ ਲੋਕ ਇਸ ਸਰਕਾਰ ਦੀਆਂ ਨੀਤੀਆਂ ਦਾ ਡੱਟਵਾ ਵਿਰੋਧ ਕਰਨ ਲਈ ਪਿਛਾਹ ਨਹੀਂ ਹਟਣਗੇ। ਇਸ ਰੋਸ ਪ੍ਰਦਰਸ਼ਨ ’ਚ ਕਾ. ਅਰਜਨ ਸਿੰਘ, ਕਾ. ਰੇਸ਼ਮ ਸਿੰਘ, ਕਾ. ਹਰਮੀਤ ਕੌਰ ਅਤੇ ਕਾ. ਜੀਤ ਸਿੰਘ ਹਾਜ਼ਰ ਸਨ।

Bharat Thapa

This news is Content Editor Bharat Thapa