ਸਿੱਖਿਆ ਵਿਭਾਗ ਨੇ ਪਿੰਡ ਮਹਿਰਾਜ ਦੇ ਸਰਕਾਰੀ ਮਿਡਲ ਸਕੂਲ ਨੂੰ ਲਾਇਆ ਜਿੰਦਰਾ

09/14/2018 5:14:43 PM

ਬਠਿੰਡਾ(ਬਿਊਰੋ)— ਸਿੱਖਿਆ ਵਿਭਾਗ ਨੇ ਆਖਰ ਮੁੱਖ ਮੰਤਰੀ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਸਰਕਾਰੀ ਮਿਡਲ ਸਕੂਲ (ਕੋਠੇ ਮੱਲੂਆਣਾ) ਨੂੰ ਜਿੰਦਰਾ ਲਾ ਦਿੱਤਾ ਹੈ, ਜਿੱਥੇ ਇਕ ਬੱਚੇ ਨੂੰ ਕਾਫੀ ਸਮੇਂ ਤੋਂ 4 ਅਧਿਆਪਕ ਪੜ੍ਹਾ ਰਹੇ ਸਨ। ਸਿੱਖਿਆ ਵਿਭਾਗ ਉਦੋਂ ਹਰਕਤ ਵਿਚ ਆਇਆ ਜਦੋਂ ਪਿੰਡ ਮਹਿਰਾਜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਹਰਨੇਕ ਸਿੰਘ ਨੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਈ-ਮੇਲ ਭੈਜ ਕੇ ਜਾਣੂ ਕਰਾਇਆ।  ਇਸ ਮਿਡਲ ਸਕੂਲ ਦੇ ਚਾਰੇ ਅਧਿਆਪਕਾਂ ਨੂੰ ਰਿਲੀਵ ਕਰ ਦਿੱਤਾ ਗਿਆ ਹੈ। 

ਦੱਸਣਯੋਗ ਹੈ ਕਿ ਸਰਕਾਰੀ ਮਿਡਲ ਸਕੂਲ ਮਹਿਰਾਜ (ਕੋਠੇ ਮੱਲੂਆਣਾ) 'ਚ ਇਕ ਵਿਦਿਆਰਥੀ ਅਤੇ ਅਧਿਆਪਕ 4 ਸਨ, ਜਿਨ੍ਹਾਂ 'ਚੋਂ ਇਕ ਅਧਿਆਪਕ ਦੀ ਆਰਜ਼ੀ ਡਿਊਟੀ ਦੂਜੇ ਸਕੂਲ 'ਚ ਲਾਈ ਹੋਈ ਸੀ। ਪੰਜਾਬ ਸਰਕਾਰ ਕਰੀਬ 2 ਲੱਖ ਰੁਪਏ ਪ੍ਰਤੀ ਮਹੀਨੇ ਦਾ ਖਰਚਾ ਕਰ ਕੇ ਇਕ ਬੱਚੇ ਨੂੰ ਪੜ੍ਹਾ ਰਹੀ ਸੀ। ਅਧਿਆਪਕਾਂ ਦੇ ਰਿਲੀਵ ਹੋਣ ਮਗਰੋਂ ਇਕਲੌਤੇ ਬੱਚੇ ਵਾਲੇ ਇਸ ਸਕੂਲ ਨੂੰ ਹੁਣ ਜਿੰਦਰਾ ਵੱਜ ਗਿਆ। ਮੱਲੂਆਣਾ ਦੇ ਇਸ ਮਿਡਲ ਸਕੂਲ ਦੇ 4 ਅਧਿਆਪਕਾਂ ਨੂੰ ਹੋਰ ਸਕੂਲਾਂ 'ਚ ਡੈਪੂਟੇਸ਼ਨ 'ਤੇ ਭੇਜ ਦਿੱਤਾ ਹੈ। ਵੇਰਵਿਆਂ ਮੁਤਾਬਕ ਸਿੱਖਿਆ ਵਿਭਾਗ ਨੇ ਇਸ ਮਿਡਲ ਸਕੂਲ ਦੇ ਹਿੰਦੀ ਅਧਿਆਪਕ ਹਰਵਿੰਦਰ ਸਿੰਘ ਦਾ ਡੈਪੂਟੇਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਈਰੂਪਾ ਦਾ ਕਰ ਦਿੱਤਾ ਹੈ ਜਦਕਿ ਪੰਜਾਬੀ ਅਧਿਆਪਕ ਹਰਭਗਵਾਨ ਸਿੰੰਘ ਦਾ ਡੈਪੂਟੇਸ਼ਨ ਐੱਸ.ਡੀ.ਹਾਈ ਸਕੂਲ ਮੌੜ ਮੰਡੀ ਦਾ ਕੀਤਾ ਗਿਆ ਹੈ।

ਇਸੇ ਤਰ੍ਹਾਂ ਸਮਾਜਕ ਸਿੱਖਿਆ ਅਧਿਆਪਕ ਮੁਨੀਸ਼ ਕੁਮਾਰ ਦਾ ਡੈਪੂਟੇਸ਼ਨ ਪਿੰਡ ਮਹਿਰਾਜ ਦੇ ਸੀਨੀਅਰ ਸੈਕੰਡਰੀ ਸਕੂਲ ਦਾ ਕੀਤਾ ਗਿਆ ਹੈ। ਮੱਲੂਆਣਾ ਸਕੂਲ 'ਚੋਂ ਪੀ.ਟੀ.ਆਈ. ਅਧਿਆਪਕ ਰਾਣਾ ਰਾਮ ਦਾ ਡੈਪੂਟੇਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮੰਡੀ ਫੂਲ ਦਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੰਡੀ ਸਕੂਲ ਵਿਚ ਕਰੀਬ 800 ਤੋਂ ਜ਼ਿਆਦਾ ਵਿਦਿਆਰਥੀ ਹਨ, ਜਿਨ੍ਹਾਂ ਦੀ ਖੇਡ ਗਤੀਵਿਧੀ ਲਈ ਕੋਈ ਪੀ.ਟੀ.ਆਈ. ਅਧਿਆਪਕ ਤਾਇਨਾਤ ਨਹੀਂ ਸੀ, ਜਦੋਂ ਕਿ ਮੱਲੂਆਣਾ ਕੋਠੇ ਦੇ ਇਕ ਵਿਦਿਆਰਥੀ 'ਤੇ ਪੀ.ਟੀ.ਆਈ. ਅਧਿਆਪਕ ਲਾਇਆ ਹੋਇਆ ਸੀ, ਜੋ ਹੁਣ ਮੰਡੀ ਸਕੂਲ ਵਿਚ ਬਦਲ ਦਿੱਤਾ ਗਿਆ ਹੈ। ਮੱਲੂਆਣਾ ਸਕੂਲ ਵਿਚ ਤਾਂ ਇਕ ਬੱਚੇ ਲਈ ਮਿਡ-ਡੇਅ ਮੀਡ ਪੱਕਦਾ ਸੀ।