ED ਕਰ ਸਕਦੀ ਹੈ ਇੰਪਰੂਵਮੈਂਟ ਟਰੱਸਟ ''ਚ ਹੋਏ ਘਪਲਿਆਂ ਦੀ ਜਾਂਚ, ਵਿਜੀਲੈਂਸ ਤੋਂ ਮੰਗਿਆ ਰਿਕਾਰਡ

08/18/2022 7:51:38 PM

ਲੁਧਿਆਣਾ : ਇੰਪਰੂਵਮੈਂਟ ਟਰੱਸਟ 'ਚ ਹੋਏ ਘਪਲਿਆਂ ਨੂੰ ਲੈ ਕੇ ਜਿੱਥੇ ਵਿਜੀਲੈਂਸ ਵੱਲੋਂ ਸਾਬਕਾ ਚੇਅਰਮੈਨ ਰਮਨ, ਈਓ ਤੇ ਹੋਰ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ, ਉਥੇ ਹੀ ਈਡੀ ਵੀ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਸਕਦੀ ਹੈ।
ਇਸ ਮਾਮਲੇ 'ਚ ਸਾਬਕਾ ਚੇਅਰਮੈਨ, ਈਓ, ਕਈ ਮੁਲਾਜ਼ਮਾਂ ਤੇ ਪ੍ਰਾਪਰਟੀ ਡੀਲਰਾਂ ਤੇ ਐੱਲ.ਡੀ.ਪੀ ਪਲਾਟਾਂ ਦੀ ਅਲਾਟਮੈਂਟ 'ਚ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਤਹਿਤ ਡ੍ਰਾਅ ਕੱਢਣ ਦੀ ਆੜ 'ਚ ਫਰਜੀਵਾੜਾ ਕਰਕੇ ਪ੍ਰਾਈਮ ਲੋਕੇਸ਼ਨ ਤੇ ਕਮ੍ਰਸ਼ੀਅਲ ਵੈਲਯੂ ਦੇ ਪਲਾਟ ਦੇਣ ਤੋਂ ਇੰਪਰੂਵਮੈਂਟ ਟਰੱਸਟ ਨੇ ਕਰੋੜਾਂ ਦਾ ਚੂਨਾ ਲਾਇਆ ਹੈ। 

ਇਹ ਵੀ ਪੜ੍ਹੋ : ਦੋ ਗਰੁੱਪਾਂ 'ਚ ਹੋਈ ਲੜਾਈ, ਜਾਨੋਂ ਮਾਰ ਦੇਣ ਦੀ ਨੀਅਤ ਨਾਲ ਇਕ- ਦੂਜੇ 'ਤੇ ਚਲਾਈਆਂ ਗੋਲੀਆਂ

ਇਸੇ ਤਰ੍ਹਾਂ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਵੱਲੋਂ ਵਪਾਰਕ, ਰਿਹਾਇਸ਼ੀ ਪ੍ਰਾਪਰਟੀ ਤੇ ਸਕੂਲਾਂ ਦੀਆਂ ਥਾਵਾਂ ਦੀ ਆਨਲਾਈਨ ਬੋਲੀ ਦੇ ਸਿਸਟਮ ਨੂੰ ਕੰਟਰੋਲ ਕਰਕੇ ਆਪਣੇ ਚਹੇਤਿਆਂ ਨੂੰ ਸਸਤੇ ਭਾਅ ’ਤੇ ਜਾਇਦਾਦਾਂ ਵੇਚਣ ਦਾ ਵੀ ਖੁਲਾਸਾ ਹੋਇਆ ਹੈ। ਇੱਥੋਂ ਤੱਕ ਕਿ ਬੀ.ਆਰ.ਐਸ ਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਥਿਤ ਮ੍ਰਿਤਕਾਂ ਦੀਆਂ ਜਾਇਦਾਦਾਂ ਵੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਹੋਰਨਾਂ ਲੋਕਾਂ ਦੇ ਨਾਂ ’ਤੇ ਤਬਦੀਲ ਕਰ ਦਿੱਤੀਆਂ ਗਈਆਂ। ਇਸ ਘੁਟਾਲੇ ਨੂੰ ਅੰਜਾਮ ਦੇਣ 'ਚ ਸਾਬਕਾ ਚੇਅਰਮੈਨ ਦੇ ਪੀ.ਏ ਸੰਦੀਪ ਸ਼ਰਮਾ ਦੀ ਅਹਿਮ ਭੂਮਿਕਾ ਰਹੀ ਹੈ। ਇਸ ਤੋਂ ਇਲਾਵਾ ਈ.ਓ ਵੱਲੋਂ ਇੰਜਨੀਅਰਿੰਗ ਵਿੰਗ ਦੇ ਅਧਿਕਾਰੀਆਂ ਨਾਲ ਮਿਲ ਕੇ ਵਿਕਾਸ ਕਾਰਜਾਂ ਲਈ ਟੈਂਡਰ ਜਾਰੀ ਕਰਨ ਅਤੇ ਅਦਾਇਗੀ ਲਈ ਠੇਕੇਦਾਰਾਂ ਤੋਂ 5 ਫੀਸਦੀ ਤੱਕ ਕਮਿਸ਼ਨ ਲੈਣ ਦੀ ਗੱਲ ਕਬੂਲੀ ਗਈ ਹੈ।

ਇਸ ਸਬੰਧੀ ਈ.ਓ., ਕਰਮਚਾਰੀ ਸੰਦੀਪ ਸ਼ਰਮਾ, ਹਰਮੀਤ ਸਿੰਘ, ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਸਾਬਕਾ ਚੇਅਰਮੈਨ ਐਸ.ਡੀ.ਓ ਅੰਕਿਤ ਮਹਾਜਨ, ਪ੍ਰਾਪਰਟੀ ਡੀਲਰ ਮਨਜੀਤ ਸਿੰਘ ਸੇਠੀ ਸਮੇਤ ਹੋਰ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਇਸ ਦੌਰਾਨ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਡਾਰ 'ਚ ਆ ਗਿਆ ਹੈ ਕਿਉਂਕਿ ਇਹ ਮਾਮਲਾ ਜਾਇਦਾਦ ਦੀ ਖਰੀਦ-ਵੇਚ ਅਤੇ ਨਕਦੀ ਦੇ ਲੈਣ-ਦੇਣ ਨਾਲ ਸਬੰਧਤ ਹੈ। ਜਿਸ ਦੇ ਮੱਦੇਨਜ਼ਰ ਈਡੀ ਵੱਲੋਂ ਵਿਜੀਲੈਂਸ ਅਤੇ ਇੰਪਰੂਵਮੈਂਟ ਟਰੱਸਟ ਤੋਂ ਮਾਮਲੇ ਨਾਲ ਸਬੰਧਤ ਰਿਕਾਰਡ ਮੰਗਿਆ ਗਿਆ ਹੈ। ਜਿਸ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ 'ਚ ਕਾਰਵਾਈ ਕੀਤੀ ਜਾ ਸਕਦੀ ਹੈ
 

Manoj

This news is Content Editor Manoj