ਦਰੇਸੀ ’ਚ ਦੁਸਹਿਰਾ ਦੇਖਣ ਆਇਆ ‘ਜਨ ਸੈਲਾਬ’

10/16/2021 8:54:29 PM

ਲੁਧਿਆਣਾ (ਸਲੂਜਾ) : ਕੋਰੋਨਾ ਮਹਾਮਾਰੀ ਦਾ ਕਹਿਰ ਘੱਟ ਹੋਣ ਅਤੇ ਪਾਬੰਦੀਆਂ ’ਚ ਛੋਟ ਮਿਲਣ ਤੋਂ ਬਾਅਦ ਦਰੇਸੀ ਦੇ ਮੈਦਾਨ ’ਤੇ ਦੁਸਹਿਰਾ ਦੇਖਣ ਦੇ ਲਈ ‘ਜਨ ਸੈਲਾਬ’ ਉਮੜ ਪਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਰਾ ਲੁਧਿਆਣਾ ਹੀ ਦਰੇਸੀ ਮੈਦਾਨ ’ਤੇ ਰਾਵਣ ਦੀ ਝਲਕ ਦੇਖਣ ਲਈ ਪੁੱਜ ਗਿਆ ਹੋਵੇ। ਦੁਸਹਿਰਾ ਪ੍ਰਬੰਧਕਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਲੋਕਾਂ ਨੇ ਪੁੱਜ ਕੇ ਕੋਰੋਨਾ ਮਹਾਮਾਰੀ ਨੂੰ ਬਾਏ-ਬਾਏ ਕਹਿ ਦਿੱਤਾ। ਕੁਝ ਲੋਕਾਂ ਨੂੰ ਛੱਡ ਕੇ ਕਿਸੇ ਨੇ ਮਾਸਕ ਨਹੀਂ ਪਾਇਆ ਸੀ।

ਹਾਲਾਤ ਇਹ ਸਨ ਕਿ ਦਰੇਸੀ ਮੈਦਾਨ ’ਚ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ। ਹਰ ਕੋਈ ਇਕ ਦੂਜੇ ਨੂੰ ਪਿੱਛੇ ਧੱਕਦਾ ਹੋਇਆ ਅੱਗੇ ਵਧ ਰਿਹਾ ਸੀ। ਖਾਣ-ਪੀਣ ਅਤੇ ਹੋਰ ਸਟਾਲਾਂ ’ਤੇ ਵੀ ਰਿਕਾਰਡਤੋੜ ਭੀੜ ਦੇਖਣ ਨੂੰ ਮਿਲੀ। ਮੇਲਾ ਮੈਦਾਨ ’ਚ ਝੂਲਿਆਂ ਅਤੇ ਹੋਰ ਗੇਮਜ਼ ਦਾ ਲੋਕਾਂ ਵੱਲੋਂ ਖੂਬ ਮਜ਼ਾ ਲਿਆ ਗਿਆ। ਆਵਾਜਾਈ ਨੂੰ ਕੰਟਰੋਲ ਕਰਨ ਲਈ ਟਰੈਫਿਕ ਪੁਲਸ ਨੂੰ ਕਾਫੀ ਸੰਘਰਸ਼ ਕਰਨਾ ਪਿਆ।

ਦੱਸਣਯੋਗ ਹੈ ਕਿ ਦੁਸਹਿਰਾ, ਮਹਾਂਕਾਵਿ ਰਾਮਾਇਣ ਵਿੱਚ ਲੰਕਾ ਦੇ ਰਾਜਾ ਰਾਵਣ ਉੱਤੇ ਭਗਵਾਨ ਰਾਮ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ। ਰਾਵਣ ਨੂੰ ਭਗਵਾਨ ਰਾਮ ਨੇ ਹਰਾ ਦਿੱਤਾ ਅਤੇ ਉਸਦੀ ਪਤਨੀ ਸੀਤਾ ਨੂੰ ਰਾਵਣ ਦੀ ਕੈਦ ਤੋਂ ਛੁਡਾਇਆ ਗਿਆ।ਦੁਸਹਿਰਾ ਸ਼ਬਦ ਦੋ ਸੰਸਕ੍ਰਿਤ ਸ਼ਬਦਾਂ ਤੋਂ ਬਣਿਆ ਹੈ: 'ਦਸ' ਜੋ ਰਾਵਣ ਦੇ ਦਸ ਸਿਰਾਂ ਨੂੰ ਦਰਸਾਉਂਦਾ ਹੈ ਅਤੇ 'ਹਰਾ' ਜਿਸਦਾ ਅਰਥ ਹੈ 'ਹਾਰਨਾ'। ਇਸ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦਾ ਹੈ।

ਵੱਖ-ਵੱਖ ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਸ਼ਸਤਰਾਂ ਦੀ ਵਰਤੋਂ ਕਰਨ ਵਾਲੇ ਭਾਈਚਾਰਾ ਇਸ ਦਿਨ ਸ਼ਸਤਰ ਪੂਜਨ ਕਰਦੇ ਹਨ। ਉੱਥੇ ਹੀ ਕਈ ਲੋਕ ਇਸ ਦਿਨ ਆਪਣੀਆਂ ਪੁਸਤਕਾਂ, ਵਾਹਨ ਆਦਿ ਦੀ ਵੀ ਪੂਜਾ ਕਰਦੇ ਹਨ। ਕਿਸੇ ਨਵੇਂ ਕੰਮ ਨੂੰ ਸ਼ੁਰੂ ਕਰਨ ਲਈ ਇਹ ਦਿਨ ਸਭ ਤੋਂ ਜ਼ਿਆਦਾ ਸੁੱਭ ਮੰਨਿਆ ਜਾਂਦਾ ਹੈ। ਕਈ ਥਾਵਾਂ 'ਤੇ ਦੁਸਹਿਰੇ ਵਾਲੇ ਦਿਨ ਨਵਾਂ ਸਾਮਾਨ ਖਰੀਦਣ ਦੀ ਵੀ ਪਰੰਪਰਾ ਹੈ। ਜ਼ਿਆਦਾਤਰ ਥਾਵਾਂ 'ਤੇ ਇਸ ਦਿਨ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ, ਉੱਥੇ ਹੀ ਜਦੋਂ ਪੁਰਸ਼ ਰਾਵਣ ਦਹਿਨ ਤੋਂ ਬਾਅਦ ਘਰ ਜਾਂਦੇ ਹਨ ਤਾਂ ਕੁਝ ਥਾਵਾਂ 'ਤੇ ਜਨਾਨੀਆਂ ਉਨ੍ਹਾਂ ਦੀ ਆਰਤੀ ਉਤਾਰਦੀਆਂ ਹਨ ਤੇ ਟਿੱਕਾ ਲਾਉਂਦੀਆਂ ਹਨ।


 

Anuradha

This news is Content Editor Anuradha