ਕਰਫਿਊ ਦੌਰਾਨ ਪਟਿਆਲਾ ਪੁਲਸ ਹੁਣ ਰੱਖੇਗੀ ‘ਡਰੋਨ’ ਰਾਹੀਂ ਨਜ਼ਰ

04/06/2020 1:14:15 AM

ਪਟਿਆਲਾ, (ਬਲਜਿੰਦਰ)- ਕੋਰੋੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਏ ਕਰਫਿਊ ਦੌਰਾਨ ਕੋਈ ਵਿਅਕਤੀ ਘਰੋਂ ਨਾ ਨਿਕਲੇ, ਇਸ ਲਈ ਪਟਿਆਲਾ ਪੁਲਸ ਨੇ ਵੱਖ-ਵੱਖ ਖੇਤਰਾਂ ਵਿਚ ਡਰੋਨ ਤਾਇਨਾਤ ਕੀਤੇ ਹਨ, ਜਿਸ ਨਾਲ ਇਕ ਥਾਂ ’ਤੇ ਬੈਠ ਕੇ ਪੁਲਸ ਕਾਫੀ ਵੱਡੇ ਏਰੀਏ ’ਤੇ ਨਜ਼ਰ ਰੱਖ ਰਹੀ ਹੈ। ਹਰੇਕ ਥਾਣੇ ਨੂੰ ਇਕ ਡਰੋਨ ਦਿੱਤਾ ਗਿਆ ਹੈ ਅਤੇ ਅੱਜ ਪੂਰਾ ਦਿਨ ਪਟਿਆਲਾ ਸ਼ਹਿਰ ਪਿੰਡਾਂ ਸਮੇਤ ਡਰੋਨ ਦੀ ਨਿਗਰਾਨੀ ਵਿਚ ਰਿਹਾ। ਇਹੀ ਕਾਰਣ ਹੈ ਕਿ ਪੁਲਸ ਨੇ ਪਿਛਲੇ 2 ਦਿਨਾਂ ਵਿਚ ਕਰਫਿਊ ਦੌਰਾਨ ਜ਼ਿਲੇ ’ਚ 90 ਕੇਸ ਦਰਜ ਕਰ ਕੇ 150 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਫੈਲਾਅ ਜ਼ਿਲੇ ਵਿਚ ਨਾ ਹੋਵੇ ਇਸ ਲਈ ਬੀਤੀ 23 ਮਾਰਚ ਤੋਂ ਜ਼ਿਲੇ ’ਚ ਕਰਫਿਊ ਲੱਗਿਆ ਹੋਇਆ ਹੈ। ਇਸ ਦੌਰਾਨ ਲੋਕ ਘਰਾਂ ਤੋਂ ਨਾ ਨਿਕਲਣ ਪਟਿਆਲਾ ਪੁਲਸ ਵੱਲੋਂ ਇਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਦੇ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਬਹੁਤ ਲੋਕ ਅਜਿਹੇ ਹਨ ਜਿਹਡ਼ੇ ਕਿ ਬਿਨਾਂ ਕਿਸੇ ਕੰਮ ਦੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਇਨ੍ਹਾਂ ਨੂੰ ਰੋਕਣ ਲਈ ਪੁਲਸ ਵੱਲੋਂ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਡਰੋਨ ਨਾਲ ਸਥਿਤੀ ’ਤੇ ਨਜ਼ਰ ਰੱਖਣ ਨਾਲ ਹੁਣ ਸਖਤੀ ਹੋਰ ਵਧ ਸਕੇਗੀ। ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਜਿਹਡ਼ਾ ਵੀ ਵਿਅਕਤੀ ਬਿਨਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਜ਼ਰ ਆਇਆ ਤਾਂ ਉਸ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਜ਼ਿਲੇ ਦੇ 649 ਪਿੰਡ ਲੋਕਾਂ ਨੇ ਖੁਦ ਹੀ ਕੀਤੇ ਸੀਲ

ਪਟਿਆਲਾ ਜ਼ਿਲੇ ਵਿਚ ਹੁਣ ਲੋਕ ਵੀ ਕੋਰੋਨਾ ਵਾਇਰਸ ਦੇ ਖਿਲਾਫ ਲਡ਼ਾਈ ਲਡ਼ਨ ਲਈ ਸਾਹਮਣੇ ਆ ਗਏ ਹਨ। ਖਾਸ ਤੌਰ ’ਤੇ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਪਿੰਡਾਂ ਵਿਚ ਬਾਹਰੀ ਵਿਅਕਤੀ ਦੀ ਐਂਟਰੀ ’ਤੇ ਰੋਕ ਲਾ ਦਿੱਤੀ ਗਈ ਹੈ। ਪਟਿਆਲਾ ਵਿਚ ਹੁਣ ਤੱਕ ਲੋਕਾਂ ਵੱਲੋਂ ਖੁਦ ਹੀ 649 ਪਿੰਡ ਸੀਲ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੇ ਮੁੱਖ ਰਸਤਿਆਂ ’ਤੇ ਲੋਕਾਂ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਹੈ ਤਾਂ ਕਿ ਕੋਈ ਬਾਹਰੀ ਵਿਅਕਤੀ ਪਿੰਡ ਦੇ ਅੰਦਰ ਦਾਖਲ ਨਾ ਹੋ ਸਕਣ, ਜੇਕਰ ਪ੍ਰਮੁੱਖ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ 377 ਪਿੰਡ ਹੀ ਅਜਿਹੇ ਹਨ, ਜਿਹਡ਼ੇ ਸੀਲ ਨਹੀਂ ਕੀਤੇ ਗਏ। ਲੋਕਾਂ ਵੱਲੋਂ ਇਸ ਮਹਾਮਾਰੀ ਦੇ ਖਿਲਾਫ ਜਿਸ ਤਰ੍ਹਾਂ ਜਾਗਰੂਕਤਾ ਦਿਖਾਈ ਗਈ ਹੈ, ਉਹ ਕਾਬਲ-ਏ-ਤਾਰੀਫ ਹੈ।


Bharat Thapa

Content Editor

Related News