ਨੌਜਵਾਨ ਦੀ ਨਹਾਉਂਦੇ ਸਮੇਂ ਛੱਪਡ਼ ’ਚ ਡੁੱਬਣ ਨਾਲ ਮੌਤ

06/17/2019 3:37:01 AM

ਮਾਲੇਰਕੋਟਲਾ, (ਸ਼ਹਾਬੂਦੀਨ/ਜ਼ਹੂਰ)- ਨੇਡ਼ਲੇ ਪਿੰਡ ਦੁਲਮਾ ਦੇ ਵਸਨੀਕ ਇਕ 18 ਸਾਲਾ ਨੌਜਵਾਨ ਸਤਨਾਮ ਸਿੰਘ ਦੀ ਪਿੰਡ ਦੇ ਹੀ ਛੱਪਡ਼ ’ਚ ਨਹਾਉਂਦੇ ਸਮੇਂ ਅਚਾਨਕ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਤਾਇਆ ਜੀ ਦੇ ਲਡ਼ਕੇ ਧੀਰਜ ਕੁਮਾਰ ਨੇ ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਚਾਚਾ ਰਾਮ ਸਿੰਘ ਦਾ ਲਡ਼ਕਾ ਸਤਨਾਮ ਸਿੰਘ ਗਰਮੀ ਤੋਂ ਰਾਹਤ ਪਾਉਣ ਲਈ ਆਪਣੇ ਦੋਸਤਾਂ ਅਸਲਮ, ਪੀਓ ਅਤੇ ਪ੍ਰਿੰਸ ਨਾਲ ਪਿੰਡ ਦੁਲਮਾ ਦੇ ਛੱਪਡ਼ ’ਚ ਨਹਾਅ ਰਿਹਾ ਸੀ। ਨਹਾਉਂਦੇ ਸਮੇਂ ਸਤਨਾਮ ਸਿੰਘ ਅਚਾਨਕ ਛੱਪਡ਼ ’ਚ ਡੁੱਬ ਗਿਆ। ਉਸਦੇ ਦੋਸਤਾਂ ਨੇ ਉਥੋਂ ਭੱਜ ਕੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਜਾ ਕੇ ਸਤਨਾਮ ਸਿੰਘ ਦੇ ਡੁੱਬਣ ਦੀ ਘਟਨਾ ਸਬੰਧੀ ਅਨਾਊਂਸਮੈਂਟ ਕਰਵਾ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਛੱਪਡ਼ ’ਤੇ ਪੁੱਜ ਕੇ ਸਤਨਾਮ ਸਿੰਘ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਪਰ ਅਸਫਲ ਰਹਿਣ ’ਤੇ ਪਿੰਡ ਵਾਸੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਤਨਾਮ ਨੂੰ ਬਾਹਰ ਕੱਢ ਕੇ ਪੁਲਸ ਦੀ ਗੱਡੀ ਰਾਹੀਂ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਥੇ ਡਾਕਟਰਾਂ ਦੀ ਟੀਮ ਵੱਲੋਂ ਸਤਨਾਮ ਨੂੰ ਬਚਾਉਣ ਦੀਆਂ ਕੀਤੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸਤਨਾਮ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ। ਮ੍ਰਿਤਕ ਸਤਨਾਮ ਸਿੰਘ ਇਕ ਭੈਣ ਅਤੇ ਤਿੰਨ ਭਰਾਵਾਂ ਦਾ ਕਮਾਊ ਭਰਾ ਸੀ ਜੋ ਮਿਹਨਤ ਮਜ਼ਦੂਰੀ ਕਰ ਕੇ ਘਰ ਚਲਾਉਣ ’ਚ ਮਦਦ ਕਰਦਾ ਸੀ। ਧੀਰਜ ਕੁਮਾਰ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਮੌਕੇ ’ਤੇ 108 ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਐਂਬੂਲੈਂਸ ਦੇ ਨਾ ਪੁੱਜਣ ਕਾਰਣ ਪਿੰਡ ਵਾਸੀਆਂ ਨੇ ਸਥਾਨਕ ਪੁਲਸ ਦੀ ਗੱਡੀ ਰਾਹੀਂ ਸਤਨਾਮ ਨੂੰ ਤੁਰੰਤ ਮਾਲੇਰਕੋਟਲਾ ਸਿਵਲ ਹਸਪਤਾਲ ਵਿਚ ਲਿਆਂਦਾ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਂਬੂਲੈਂਸ ਦੇ ਮੌਕੇ ’ਤੇ ਨਾ ਪੁੱਜਣ ਕਰ ਕੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ 108 ਐਂਬੂਲੈਂਸ ਨੂੰ ਜਦੋਂ ਵੀ ਕਾਲ ਕੀਤੀ ਜਾਂਦੀ ਹੈ ਤਾਂ ਉਹ ਕਦੇ ਵੀ ਮੌਕੇ ’ਤੇ ਨਹੀਂ ਪੁੱਜਦੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਚਲਾਈ ਗਈ ਇਹ ਐਂਬੂਲੈਂਸ ਨੂੰ ਸਿਹਤ ਵਿਭਾਗ ਵਾਲੇ ਵੀ. ਆਈ. ਪੀ. ਡਿਊਟੀ ਲਈ ਵਰਤਦੇ ਰਹਿੰਦੇ ਹਨ। ਥਾਣਾ ਅਹਿਮਦਗਡ਼੍ਹ ਦੀ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਅਾਧਾਰ ’ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।


Bharat Thapa

Content Editor

Related News