ਤੇਜ਼ ਹਨੇਰੀ ਕਾਰਨ ਰਿਕਸ਼ਾ ਚਾਲਕ ''ਤੇ ਡਿੱਗਿਆ ਦਰੱਖਤ, ਮੌਤ

06/17/2019 11:14:18 PM

ਫਿਲੌਰ, (ਭਾਖੜੀ)— ਸ਼ਹਿਰ ਵਿਚ ਸੋਮਵਾਰ ਸ਼ਾਮ ਆਈ ਤੇਜ਼ ਹਨੇਰੀ ਨਾਲ ਸਫੈਦੇ ਦਾ ਦਰੱਖਤ ਟੁੱਟ ਕੇ ਰਿਕਸ਼ਾ ਚਾਲਕ ਉੱਪਰ ਡਿੱਗ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਸਾਢੇ 5 ਵਜੇ ਅਚਾਨਕ ਆਈ ਤੇਜ਼ ਹਨੇਰੀ ਕਾਰਨ ਸ਼ਹਿਰ ਵਿਚ ਕਈ ਥਾਈਂ ਦਰੱਖਤ ਟੁੱਟ ਕੇ ਸੜਕਾਂ 'ਤੇ ਡਿੱਗ ਗਏ, ਜਿਸ ਨਾਲ ਬਿਜਲੀ ਵਿਵਸਥਾ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਬੱਸ ਅੱਡੇ ਨੇੜੇ ਸਫੈਦੇ ਦਾ ਇਕ ਵੱਡਾ ਦਰੱਖਤ ਟੁੱਟ ਕੇ ਸਿੱਧਾ ਸੜਕ ਵਿਚ ਆ ਡਿੱਗਾ, ਜਿਸ ਦੀ ਲਪੇਟ ਵਿਚ ਉੱਥੋਂ ਗੁਜ਼ਰ ਰਿਹਾ ਇਕ ਰਿਕਸ਼ਾ ਚਾਲਕ ਆ ਗਿਆ। ਲੋਕਾਂ ਨੇ ਇਕੱਠੇ ਹੋ ਕੇ ਬੜੀ ਮੁਸ਼ਕਲ ਨਾਲ ਡਿੱਗੇ ਦਰੱਖਤ ਨੂੰ ਚੁੱਕ ਕੇ ਥੱਲਿਓਂ ਰਿਕਸ਼ਾ ਚਾਲਕ ਨੂੰ ਕੱਢਿਆ ਪਰ ਉਦੋਂ ਤਕ ਰਿਕਸ਼ਾ ਚਾਲਕ ਅਸ਼ੋਕ ਕੁਮਾਰ (60) ਪਿੰਡ ਨੰਗਲ ਦੀ ਮੌਤ ਹੋ ਚੁੱਕੀ ਸੀ। ਰਿਕਸ਼ੇ 'ਤੇ ਕੋਈ ਸਵਾਰੀ ਨਹੀਂ ਬੈਠੀ ਸੀ।
ਦੂਜੀ ਘਟਨਾ ਲੜਕਿਆਂ ਦੇ ਸਰਕਾਰੀ ਸਕੂਲ ਕੋਲ ਵਾਪਰੀ ਜਿੱਥੇ ਵੱਡਾ ਰੁੱਖ ਹਨੇਰੀ ਕਾਰਨ ਟੁੱਟ ਕੇ ਸੜਕ 'ਤੇ ਆ ਡਿੱਗਾ, ਜਿਸ ਕਾਰਨ ਬਿਜਲੀ ਦਾ ਖੰਭਾ ਵੀ ਟੁੱਟ ਗਿਆ ਅਤੇ ਆਵਾਜਾਈ ਠੱਪ ਹੋ ਗਈ।
ਤੀਜੀ ਘਟਨਾ ਪਿੰਡ ਨੰਗਲ ਵਿਚ ਵਾਪਰੀ ਜਿਥੇ ਇਕ ਵੱਡਾ ਦਰੱਖਤ ਟੁੱਟ ਕੇ ਬਿਜਲੀ ਦੀ ਮੇਨ ਪਾਵਰ ਲਾਈਨ 'ਤੇ ਜਾ ਡਿੱਗਾ, ਜਿਸ ਕਾਰਨ ਤਾਰਾਂ ਵਿਚੋਂ ਅੱਗ ਦੇ ਚੰਗਿਆੜੇ ਨਿਕਲਣੇ ਸ਼ੁਰੂ ਹੋ ਗਏ। ਇਕ ਦੁਕਾਨਦਾਰ ਜੋ ਬਿਜਲੀ ਦਾ ਕੰਮ ਕਰਦਾ ਹੈ, ਉਸ ਨੇ ਭੱਜ ਕੇ ਬਿਜਲੀ ਦੇ ਖੰਭੇ ਤੋਂ ਸਪਲਾਈ ਲਾਈਨ ਬੰਦ ਕਰ ਦਿੱਤੀ। ਇਕਦਮ ਆਈ ਤੇਜ਼ ਹਨੇਰੀ ਕਾਰਨ ਬਿਜਲੀ ਗੁੱਲ ਹੋ ਗਈ ਅਤੇ ਸ਼ਹਿਰ ਵਿਚ ਕਈ ਥਾਈਂ ਆਵਾਜਾਈ ਵੀ ਠੱਪ ਹੋ ਗਈ।


KamalJeet Singh

Content Editor

Related News