ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਿਸਾਨ ਮੁਸ਼ਕਲ ''ਚ

02/27/2017 11:13:18 AM

ਮਹਿਲ ਕਲਾਂ (ਵਿਵੇਕ ਸਿੰਧਵਾਨੀ) — ਪਿੰਡ ਮੂੰਮ ਵਿਖੇ ਹੱਡਾ-ਰੋੜੀ ਨੂੰ ਜਾਂਦੇ ਰਸਤੇ ਦੇ ਨਾਲ-ਨਾਲ ਬਣੇ ਗੰਦੇ ਨਾਲੇ ਦਾ ਪਾਣੀ ਰੁਕਣ ਕਾਰਨ ਆਲੇ-ਦੁਆਲੇ ਦੇ ਖੇਤਾਂ ''ਚ ਪੈ ਰਿਹਾ ਹੈ। ਇਸ ਕਾਰਨ ਇਸ ਰਸਤੇ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਮੌਕੇ ਕਿਸਾਨ ਮੋਹਣ ਸਿੰਘ, ਜਸਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਨਾਲੇ ਦਾ ਅੱਗੇ ਕੋਈ ਨਿਕਾਸ ਨਾ ਹੋਣ ਕਾਰਨ ਹੱਡਾ-ਰੋੜੀ ਦੇ ਕੋਲ ਵੱਡਾ ਟੋਭਾ ਬਣ ਚੁੱਕਾ ਹੈ, ਜਿਸ ਕਾਰਨ ਜਿਥੇ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ, ਉਥੇ ਨਾਲ ਲਗਦੀਆਂ ਫ਼ਸਲਾਂ ਵੀ ਪ੍ਰਭਾਵਿਤ ਵੀ ਹੋ ਰਹੀਆਂ ਹਨ। ਇਸ ਨਾਲੇ ਦਾ ਪਾਣੀ ਡਰੇਨ ''ਚ ਪਾਉਣ ਲਈ ਡੀ. ਡੀ. ਪੀ. ਓ., ਏ. ਡੀ. ਸੀ. ਤੋਂ ਇਲਾਵਾ ਸੰਗਤ ਦਰਸ਼ਨਾਂ ਦੌਰਾਨ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਕਿਸੇ ਵੀ ਆਗੂ ਜਾਂ ਅਧਿਕਾਰੀ ਨੇ ਇਸ ਮੰਗ ਨੂੰ ਪੂਰਾ ਕਰਨ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਸ ਗੰਦੇ ਨਾਲੇ ਦੇ ਪਾਣੀ ਨੂੰ ਡਰੇਨ ''ਚ ਪਾਉਣ ਲਈ ਕੋਈ ਢੁਕਵੇਂ ਪ੍ਰਬੰਧ ਕੀਤੇ ਜਾਣ। 

ਓਧਰ, ਸਰਪੰਚ ਮਨਜੀਤ ਕੌਰ ਦੇ ਪਤੀ ਕੌਰ ਸਿੰਘ, ਪੰਚ ਚੂਹੜ ਸਿੰਘ, ਜਗਤਾਰ ਸਿੰਘ ਨੇ ਦੱਸਿਆ ਕਿ ਉਹ ਇਸ ਨਾਲੇ ਦੀ ਸਫ਼ਾਈ ਕਰਵਾ ਕੇ ਸਿਰਫ਼ ਪਾਣੀ ਬਾਹਰ ਕੱਢ ਰਹੇ ਹਨ। ਉਹ ਵੀ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਪਾਈਪਾਂ ਪਾ ਕੇ ਗੰਦਾ ਪਾਣੀ ਡਰੇਨ ''ਚ ਪਾਉਣ ਵਾਸਤੇ ਗ੍ਰਾਂਟ ਜਾਰੀ ਕਰੇ।