ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਤੇ 3 ਵਿਅਕਤੀ ਗ੍ਰਿਫਤਾਰ

09/18/2019 6:16:22 PM

ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਵੱਖ-ਵੱਖ ਕੇਸਾਂ 'ਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਨਾਰਕੋਟਿਕ ਸੈਲ ਮਾਲੇਰਕੋਟਲਾ ਦੇ ਥਾਣੇਦਾਰ ਸੁਖਦੇਵ ਸਿੰਘ ਗਸ਼ਤ ਦੌਰਾਨ ਫਤਿਹਗੜ੍ਹ ਪੰਜਗਰਾਈਆਂ ਮੌਜੂਦ ਸੀ। ਜਿਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਮਨਜੀਤ ਸਿੰਘ, ਬਲਵੀਰ ਸਿੰਘ ਵਾਸੀ ਫਤਿਹਗੜ੍ਹ ਤੇ ਮੁਹੰਮਦ ਸ਼ਾਹੀਦ ਵਾਸੀ ਮਾਲੇਰਕੋਟਲਾ ਨਸ਼ੀਲੇ ਪਦਾਰਥ ਵੇਚਦੇ ਹਨ। ਸੂਚਨਾ ਦੇ ਅਧਾਰ 'ਤੇ ਰੇਡ ਕਰਨ ਲਈ ਥਾਣਾ ਸ਼ੇਰਪੁਰ ਦੇ ਪੁਲਸ ਅਧਿਕਾਰੀ ਦਲਜੀਤ ਸਿੰਘ ਨੇ ਮਨਜੀਤ ਸਿੰਘ ਤੇ ਬਲਵੀਰ ਸਿੰਘ ਦੇ ਘਰ ਰੇਡ ਕਰਕੇ ਉਥੋਂ 1300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।

ਇਸੇ ਤਰ੍ਹਾਂ ਨਾਲ ਪੁਲਸ ਅਧਿਕਾਰੀ ਕਸ਼ਮੀਰ ਸਿੰਘ ਚੈਕਿੰਗ ਦੌਰਾਨ ਪਿੰਡ ਦਿਆਲਪੁਰਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਭੋਲੀ ਕੌਰ ਵਾਸੀ ਜੌਲੀਆਂ ਨਸ਼ੀਲੀਆਂ ਗੋਲੀਆਂ ਬਾਰੂ ਉਰਫ ਬਾਬਾ ਵਾਸੀ ਸੰਗਰੂਰ ਨੂੰ ਸਪਲਾਈ ਕਰਦੀ ਹੈ। ਜਿਸ ਦੌਰਾਨ ਸੂਚਨਾ ਦੇ ਅਧਾਰ 'ਤੇ ਥਾਣਾ ਭਵਾਨੀਗੜ੍ਹ ਤੇ ਪੁਲਸ ਅਧਿਕਾਰੀ ਪਵਿੱਤਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਉਸ ਕੋਲੋਂ 340 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ, ਜਦ ਕਿ ਬਾਬੂ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਇਸੇ ਤਰ੍ਹਾਂ ਨਾਲ ਪੁਲਸ ਅਧਿਕਾਰੀ ਗੁਰਲਾਲ ਸਿੰਘ ਪਿੰਡ ਦਿਆਲਪੁਰਾ ਰੋਡ 'ਤੇ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਦਵਿੰਦਰ ਸਿੰਘ ਵਾਸੀ ਬਾਸੀਅਰਖ ਪੈਦਲ ਰੌਸ਼ਨੀਵਾਲਾ ਤੋਂ ਘਨੌਰੀ ਵੱਲ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਜਾ ਰਿਹਾ ਹੈ।

ਸੂਚਨਾ ਪੱਕੀ ਹੋਣ 'ਤੇ ਥਾਣਾ ਭਵਾਨੀਗੜ੍ਹ ਦੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਮੌਕੇ 'ਤੇ ਬੁਲਾਇਆ ਗਿਆ। ਜਿਸ ਨੇ ਮੌਕੇ 'ਤੇ ਪੁੱਜ ਕੇ 500 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਦੂਜੇ ਵਿਅਕਤੀ ਸੋਨੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸੇ ਤਰ੍ਹਾਂ ਨਾਲ ਥਾਣਾ ਧੂਰੀ ਦੇ ਪੁਲਸ ਅਧਿਕਾਰੀ ਰਘਵਿੰਦਰਪਾਲ ਜਦੋਂ ਬਹਾਦਪੁਰ ਬੱਸ ਸਟੈਂਡ ਕੋਲ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਬਲਵਿੰਦਰ ਕੌਰ ਵਾਸੀ ਨੱਤ ਬਾਹਰੋਂ ਸ਼ਰਾਬ ਲਿਆਕੇ ਵੇਚਣ ਦਾ ਧੰਦਾ ਕਰਦੀ ਹੈ। ਜਿਸ ਨੇ ਅੱਜ ਵੀ ਸ਼ਰਾਬ ਲਿਆਕੇ ਆਪਣੇ ਘਰ ਰੱਖੀ ਹੋਈ ਹੈ। ਸੂਚਨਾ ਦੇ ਆਧਾਰ 'ਤੇ ਉਸ ਦੇ ਘਰ ਰੇਡ ਕਰਕੇ ਇਕ ਪਲਾਸਟਿਕ ਦੀ ਕੈਨੀ 'ਚੋਂ 17 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ਣ  ਬਲਵਿੰਦਰ ਕੌਰ ਮੌਕੇ ਤੋਂ ਭੱਜ ਗਈ।

ਇਸੇ ਤਰ੍ਹਾਂ ਨਾਲ ਥਾਣਾ ਸਿਟੀ ਧੂਰੀ ਦੇ ਹੌਲਦਾਰ ਗੁਰਭਜਨ ਸਿੰਘ ਨੂੰ ਗਸ਼ਤ ਦੌਰਾਨ ਮਾਨਵਾਲਾ ਫਾਟਕ ਨੇੜੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਿਸ ਨੇ ਆਪਣੇ ਮੋਢੇ ਤੇ ਪਲਾਸਟਿਕ ਦੀ ਕੈਨੀ ਚੁੱਕੀ ਹੋਈ ਸੀ। ਪੁਲਸ ਪਾਰਟੀ ਨੂੰ ਦੇਖਕੇ ਉਹ ਘਬਰਾ ਗਿਆ ਤੇ ਪਲਾਸਟਿਕ ਦੀ ਕੈਨੀ ਸੁੱਟਕੇ ਫਰਾਰ ਹੋ ਗਿਆ। ਕੈਨੀ 'ਚੋਂ 20 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਫਰਾਰ ਵਿਅਕਤੀ ਦੀ ਪਛਾਣ ਅਮਿਤ ਕੁਮਾਰ ਵਾਸੀ ਧੂਰੀ ਦੇ ਤੌਰ 'ਤੇ ਹੋਈ। ਇਸੇ ਤਰ੍ਹਾਂ ਨਾਲ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਅਜੈਬ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਅਮਰ ਸਿੰਘ ਵਾਸੀ ਜਲਾਨ ਦੇ ਘਰ ਰੇਡ ਕਰਕੇ ਉਸ ਕੋਲੋਂ 40 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਵਾਈਆਂ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।