ਜਨਤਕ ਥਾਵਾਂ ’ਤੇ ਸ਼ਰੇਆਮ ਚੱਲ ਰਹੇ ਨਸ਼ਿਆਂ ਨੂੰ ਨੱਥ ਪਾਉਣ ਦੀ ਮੰਗ

07/25/2021 11:52:48 AM

ਤਲਵੰਡੀ ਭਾਈ (ਪਾਲ):  ਸਰਕਾਰ ਵਲੋਂ ਲੱਖਾਂ ਰੁਪਏ ਖਰਚ ਕੇ ਰੋਜ਼ਾਨਾ ਟੀ.ਵੀ. ’ਤੇ ਨਸ਼ਿਆਂ ਦੀ ਵਰਤੋਂ ਦਾ ਵਿਰੋਧ ਕਰਨ ਸਬੰਧੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦਾ ਆਮ ਲੋਕਾਂ ਅਤੇ ਸਬੰਧਤ ਦੁਕਾਨਦਾਰਾਂ ’ਤੇ ਕੋਈ ਅਸਰ ਹੁੰਦਾ ਮਹਿਸੂਸ ਨਹੀਂ ਹੋ ਰਿਹਾ। ਕਿਉਂਕਿ ਇਸ ਸਭ ਕੁਝ ਨੂੰ ਟਿੱਚ ਸਮਝ ਕੇ ਹਰ ਨਸ਼ਾ ਆਮ ਵਾਂਗ ਹੀ ਵਿਕ ਰਿਹਾ ਹੈ। ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਕੋਈ ਵੀ ਵਿਅਕਤੀ ਸਿਗਰਟ, ਬੀੜੀ, ਜਰਦਾ, ਪਾਨ, ਸ਼ਰਾਬ, ਤੰਬਾਕੂ ਜਾਂ ਹੋਰ ਵੀ ਕਿਸੇ ਅਜਿਹੇ ਨਸ਼ੇ ਦੀ ਗੁਰਦੁਆਰੇ, ਮੰਦਰ ਦੀ ਹੱਦ ਜਾਂ ਬੱਸ ਅੱਡੇ, ਸਟੇਸ਼ਨਾਂ, ਪਾਰਕਾਂ, ਸਰਕਾਰੀ ਦਫ਼ਤਰਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀਆਂ ਜਨਥਕ ਥਾਵਾਂ ’ਤੇ ਵਰਤੋਂ ਨਹੀਂ ਕਰ ਸਕਦਾ। ਜਿਸ ਨਾਲ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।

ਨਸ਼ੇੜੀ ਲੋਕ ਸ਼ਰੇਆਮ ਇਨ੍ਹਾਂ ਸਭ ਨਸ਼ਿਆਂ ਦੀ ਵਰਤੋਂ ਪਹਿਲਾਂ ਵਾਂਗ ਹੀ ਇਨ੍ਹਾਂ ਜਨਤਕ ਥਾਵਾਂ ’ਤੇ ਕਰ ਰਹੇ ਹਨ, ਜਿਸ ਦਾ ਅੰਦਾਜ਼ਾ ਇਨ੍ਹਾਂ ਥਾਵਾਂ ’ਤੇ ਪਏ ਨਸ਼ਿਆਂ ਦੇ ਖਾਲੀ ਪੈਕਟਾਂ ਤੋਂ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਉਪਰ ਦੁਕਾਨਦਾਰਾਂ ’ਤੇ ਪਾਬੰਦੀ ਲਗਾਈ ਸੀ, ਪਰ ਪਿੰਡਾਂ ਅਤੇ ਛੋਟੇ ਕਸਬਿਆਂ ਵਿਚ ਦੁਕਾਨਦਾਰ ਸ਼ਰੇਆਮ ਪੈਸੇ ਦੇ ਲਾਲਚ ਵਿਚ ਛੋਟੀ ਉਮਰ ਦੇ ਬੱਚਿਆਂ ਨੂੰ ਸਿਗਰਟਾਂ, ਬੀੜੀਆਂ, ਜਰਦਾ ਪਾਨ ਤੇ ਤੰਬਾਕੂ ਆਦਿ ਵੇਚ ਰਹੇ ਹਨ। ਇਸ ਤੋਂ ਇਲਾਵਾ ਵੇਖਣ ਵਿਚ ਆਇਆ ਹੈ ਕਿ ਪਿੰਡਾਂ ਦੇ ਕੁਝ ਦੁਕਾਨਦਾਰ ਅਣ ਅਧਿਕਾਰਤ ਤੌਰ ’ਤੇ ਸ਼ਰੇਆਮ ਮੈਡੀਕਲ ਦਵਾਈਆਂ ਵੀ ਵੇਚ ਰਹੇ ਹਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਪਰ ਸਿਹਤ ਵਿਭਾਗ ਸਭ ਕੁਝ ਜਾਣਦੇ ਹੋਏ ਵੀ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਵਾਲੀ ਨੀਤੀ ਅਪਣਾਈ ਬੈਠਾ ਹੈ।


Shyna

Content Editor

Related News