ਨਸ਼ਿਆਂ ਕਾਰਨ ਹੋ ਰਹੀਆਂ ਨੌਜਵਾਨਾਂ ਦੀ ਮੌਤ ਲਈ ਪੰਜਾਬ ਦਾ ਸਿਆਸੀ ਮਾਹੌਲ ਜ਼ਿੰਮੇਵਾਰ : ਖਹਿਰਾ

07/18/2018 1:10:42 PM

ਸੰਦੌੜ/ਕੁੱਪ ਕਲਾਂ, (ਬੋਪਾਰਾਏ, ਰਿਖੀ)— 17 ਜੁਲਾਈ 1927 ਨੂੰ ਪਰਜਾਮੰਡਲ ਦੇ 18 ਕਿਸਾਨਾਂ ਦੀ ਯਾਦ ਵਿਚ ਪਿੰਡ ਕੁਠਾਲਾ ਵਿਖੇ ਸ਼ਹੀਦੀ ਕਾਨਫਰੰਸ ਵਿਚ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ਼ਹੀਦਾਂ ਨੇ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਪਰ ਪੰਜਾਬ ਵਰਗੀ ਧਰਤੀ ਦੇ ਬੇਈਮਾਨ ਲੀਡਰਾਂ ਦੀ ਬਦੌਲਤ ਅੱਜ ਨਸ਼ਿਆਂ ਕਾਰਨ ਨਿਤ ਦਿਨ ਨੌਜਵਾਨਾਂ ਦੇ ਸਿਵੇ ਬਲ ਰਹੇ ਹਨ, ਜਿਸ ਲਈ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਕਿ 4 ਹਫਤਿਆਂ ਵਿਚ ਨਸ਼ਾ ਖਤਮ ਕਰ ਦੇਵਾਂਗਾ ਪਰ ਹੁਣ ਕਹਿੰਦੇ ਹਨ ਮੈਂ ਖਤਮ ਕਰਨ ਦੀ ਨਹੀਂ, ਨਸ਼ੇ ਦੇ ਲੱਕ ਤੋੜਨ ਦੀ ਸਹੁੰ ਖਾਧੀ ਸੀ। 
ਝੂਠ ਬੋਲ ਕੇ ਸਰਕਾਰ ਬਣਾ ਲਈ ਅਤੇ ਹੁਣ ਆਪਣੀ ਸਹੁੰ ਤੋਂ ਮੁੱਕਰ ਚੁੱਕੇ ਹਨ। ਅੱਜ ਨੌਜਵਾਨ ਬੇਰੋਜ਼ਗਾਰੀ ਕਾਰਨ ਨਿਰਾਸ਼ਾ ਦੇ ਆਲਮ ਵਿਚ ਹਨ ਅਤੇ ਧੜਾਧੜ ਵਿਦੇਸ਼ ਜਾ ਹਨ। ਵਿਦੇਸ਼ਾਂ ਦੀ ਧਰਤੀ 'ਤੇ ਵਸਣ ਦੀ ਲਾਲਸਾ ਕਾਰਨ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਤੱਕ ਕਿਸੇ ਟਰੈਵਲ ਏਜੰਟ ਨੂੰ ਕੋਈ ਸਜ਼ਾ ਨਹੀਂ ਹੋਈ । ਆਂਗਣਵਾੜੀ ਵਾਲੀਆਂ ਬੀਬੀਆਂ ਧਰਨੇ ਦੇ ਰਹੀਆਂ ਹਨ। ਪੰਜਾਬ ਦਾ ਮੁਲਾਜ਼ਮ ਵਰਗ ਸੂਬਾ ਸਰਕਾਰ ਤੋਂ ਨਿਰਾਸ਼ ਹੈ। ਪੰਜਾਬ ਦੇ ਬਹੁਤੇ ਸਿਆਸੀ ਲੋਕਾਂ ਨੇ ਆਪਣੀਆਂ ਬੇਨਾਮੀ ਜਾਇਦਾਦਾਂ ਵਿਦੇਸ਼ਾਂ ਦੀ ਧਰਤੀ 'ਤੇ ਬਣਾ ਲਈਆਂ ਹਨ। ਚੋਣਾਂ ਮੌਕੇ ਨਸ਼ੇ ਵਰਤਾਉਣ ਵਾਲੇ ਲੋਕ ਕਿਸੇ ਦਾ ਭਲਾ ਨਹੀਂ ਕਰ ਸਕਦੇ।
ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਉਪ ਪ੍ਰਧਾਨ ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਬਦਲਣ ਨਾਲ ਕੁੱਝ ਵੀ ਫਰਕ ਨਹੀਂ ਪਿਆ। ਇਸ ਸਮੇਂ ਪਾਰਟੀ ਦੇ ਯੂਥ ਵਿੰਗ ਇੰਚਾਰਜ ਵਿਧਾਇਕ ਬਰਨਾਲਾ ਗੁਰਮੀਤ ਮੀਤ ਹੇਅਰ, ਮਾਲਵਾ ਜ਼ੋਨ ਦੇ ਪ੍ਰਧਾਨ ਦਲਵੀਰ ਸਿੰਘ ਢਿੱਲੋਂ, ਪਾਰਟੀ ਦੇ ਜਨਰਲ ਸਕੱਤਰ ਜ਼ਮੀਲ–ਉਰ-ਰਹਿਮਾਨ, ਰਣਜੀਤ ਸਿੰਘ ਝੁਨੇਰ ਆਦਿ ਨੇ ਵੀ ਸੰਬੌਧਨ ਕੀਤਾ। ਕਾਨਫਰੰਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਕੋਟੇ 'ਚੋਂ ਪਿੰਡ ਨੂੰ ਕੁਠਾਲਾ ਭੇਟ ਕੀਤੀ ਐਂਬੂਲੈਂਸ ਦਾ ਉਦਘਾਟਨ ਵੀ ਕੀਤਾ।
ਇਸ ਸਮੇਂ ਪਾਰਟੀ ਦੇ ਸਾਰੇ ਪ੍ਰਮੁੱਖ ਆਗੂਆਂ ਨੂੰ ਸ਼ਹੀਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਠਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ, ਜਨਰਲ ਸਕੱਤਰ ਗੋਬਿੰਦ ਸਿੰਘ ਫੌਜੀ ਆਦਿ ਨੇ ਸਨਮਾਨਤ ਵੀ ਕੀਤਾ। ਇਸ ਦੌਰਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਦਲਵੀਰ ਸਿੰਘ ਢਿੱਲੋਂ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਰਣਜੀਤ ਸਿੰਘ ਝੁਨੇਰ, ਹਾਕਮ ਬਖਤੜੀ ਵਾਲਾ, ਜ਼ਮੀਲ ਉਰ-ਰਹਿਮਾਨ, ਰਾਜੂ ਕੁਠਾਲਾ, ਆਦਿ ਹਾਜ਼ਰ ਸਨ।