ਤਿੰਨ ਵਿਅਕਤੀ ਹੈਰੋਇਨ ਸਣੇ ਗ੍ਰਿਫ਼ਤਾਰ

01/12/2019 4:52:18 AM

ਮੋਹਾਲੀ, (ਕੁਲਦੀਪ ਸਿੰਘ)- ਸਪੈਸ਼ਲ ਟਾਸਕ ਫੋਰਸ  (ਐੱਸ. ਟੀ. ਐੱਫ.) ਨੇ ਇਕ ਕਾਰ ਵਿਚ ਨਸ਼ੇ ਵਾਲਾ ਪਦਾਰਥ ਹੈਰੋਇਨ ਲੈ ਕੇ ਜਾ ਰਹੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਦੀ ਪਛਾਣ ਗੁਰਜੰਟ ਸਿੰਘ ਉਰਫ਼ ਜੋਗੀ ਨਿਵਾਸੀ ਪਿੰਡ ਸਿੱਧੁਪੁਰ ਕਲਾਂ (ਮੌਜੂਦਾ ਨਿਵਾਸੀ ਖੰਨਾ), ਸਤੀਸ਼ ਕੁਮਾਰ ਨਿਵਾਸੀ ਪਿੰਡ ਸੰਘੋਲ, ਜ਼ਿਲਾ ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਤਿੰਨਾਂ ਕੋਲੋਂ ਐੱਸ. ਟੀ. ਐੱਫ. ਨੇ 50 ਗ੍ਰਾਮ ਹੈਰੋਇਨ  ਬਰਾਮਦ ਕੀਤੀ  ਹੈ। ਉਕਤ ਜਾਣਕਾਰੀ ਦਿੰਦਿਆਂ ਐੱਸ. ਟੀ. ਐੱਫ. ਦੇ ਐੱਸ. ਪੀ. ਰਾਜਿੰਦਰ  ਸਿੰਘ ਸੋਹਲ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਗੁਪਤ ਸੂਚਨਾ  ਦੇ ਅਾਧਾਰ ’ਤੇ  ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਚਨਾ ਸੀ ਕਿ ਤਿੰਨ ਵਿਅਕਤੀ ਲੁਧਿਆਣਾ ਨੰਬਰ ਹੋਂਡਾ ਸਿਵਿਕ ਕਾਰ ਵਿਚ ਮੋਹਾਲੀ ਵੱਲ ਆ ਰਹੇ ਹਨ ਜੋ ਕਿ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਦੇ ਹਨ। ਏ. ਐੱਸ. ਆਈ. ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਤਿੰਨਾਂ ਨੂੰ  ਹੈਰੋਇਨ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਗੁਰਜੰਟ ਸਿੰਘ ਉਰਫ਼ ਜੋਗੀ ਤੋਂ 25  ਗ੍ਰਾਮ, ਸਤੀਸ਼ ਕੁਮਾਰ ਤੋਂ 15 ਗ੍ਰਾਮ ਅਤੇ ਮਨਪ੍ਰੀਤ ਸਿੰਘ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਮੁਲਜ਼ਮਾਂ ਖਿਲਾਫ਼ ਪਹਿਲਾਂ ਵੱਖ-ਵੱਖ ਥਾਣਿਆਂ ’ਚ ਹਨ ਕੇਸ ਦਰਜ
ਏ.  ਐੱਸ. ਆਈ. ਅਵਤਾਰ ਸਿੰਘ  ਸੋਹੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਪੁਲਸ ਥਾਣਿਆਂ ਵਿਚ  ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ  ਗੁਰਜੰਟ ਸਿੰਘ ਉਰਫ ਜੋਗੀ  ਦੇ ਖਿਲਾਫ ਸਾਲ 2015 ਵਿਚ ਜ਼ਿਲਾ ਲੁਧਿਆਣਾ ਵਿਚ ਆਰਮਜ਼ ਐਕਟ  ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ। ਮੁਲਜ਼ਮ ਸਤੀਸ਼ ਖਿਲਾਫ਼ ਮਾਰਚ 2016 ਵਿਚ ਪੁਲਸ  ਸਟੇਸ਼ਨ ਚਾਣਕਿਅਾਪੁਰੀ, ਏਅਰਪੋਰਟ ਦਿੱਲੀ ਵਿਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ  ਕੇਸ ਦਰਜ ਹੋਇਆ ਸੀ। ਮੁਲਜ਼ਮ ਮਨਪ੍ਰੀਤ ਸਿੰਘ  ਦੇ ਖਿਲਾਫ ਸਾਲ 2006 ਵਿਚ ਡਕੈਤੀ ਅਤੇ  ਲੁੱਟ-ਖੋਹ ਦਾ ਇਕ ਕੇਸ ਜਦੋਂ ਕਿ ਸਾਲ 2015 ਵਿਚ ਲੜਾਈ ਝਗੜੇ ਦੇ ਦੋ ਕੇਸ ਜ਼ਿਲਾ  ਮੋਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਦਰਜ ਹਨ।
ਅਦਾਲਤ ਨੇ ਦੋ ਦਿਨ ਦੇ ਰਿਮਾਂਡ ’ਤੇ ਭੇਜੇ
ਮੁਲਜ਼ਮਾਂ ਖਿਲਾਫ਼ ਐੱਸ. ਟੀ. ਐੱਫ. ਪੁਲਸ ਸਟੇਸ਼ਨ ਫੇਜ਼-4 ਮੋਹਾਲੀ ’ਚ ਐੱਨ. ਡੀ. ਪੀ.  ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅੱਜ ਉਨ੍ਹਾਂ ਨੂੰ  ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਦੌਰਾਨ  ਮੁਲਜ਼ਮਾਂ ਨੂੰ ਦੋ  ਦਿਨ  ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
 

KamalJeet Singh

This news is Content Editor KamalJeet Singh