ਕਿਸੇ ਵੀ ਕਿਸਮ ਦੇ ਨਸ਼ਾ ਤਸਕਰੀ ਨੂੰ ਸਖਤੀ ਨਾਲ ਰੋਕਣ ਦੇ ਹੁਕਮ: ਡੀ.ਸੀ.

05/18/2020 5:26:16 PM

ਸੰਗਰੂਰ (ਸਿੰਗਲਾ): ਪੰਜਾਬ ਦੇ ਕਰ ਅਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਵੀਡੀਓ ਕਾਨਫਰਸਿੰਗ 'ਚ ਮਿਲੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ 'ਚ ਜ਼ਿਲਾ ਮੈਜਿਸਟ੍ਰੇਟ ਸ੍ਰੀ ਘਨਸ਼ਿਆਮ ਥੋਰੀ ਨੇ ਆਬਕਾਰੀ ਅਤੇ ਕਰ ਵਿਭਾਗ ਤੇ ਪੁਲਸ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਰੱਖਦੇ ਹੋਏ ਜ਼ਿਲਾ ਸੰਗਰੂਰ 'ਚ ਕਿਸੇ ਵੀ ਕਿਸਮ ਦੀ ਨਸ਼ਾ ਤਸਕਰੀ ਨੂੰ ਸ਼ਖਤੀ ਨਾਲ ਰੋਕਣ ਦੇ ਹੁਕਮ ਦਿੱਤੇ ਹਨ। ਇਸ ਵੀਡੀਓ ਕਾਨਫਰੰਸ 'ਚ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਸਮੇਤ ਸਮੂਹ ਉਪ ਮੰਡਲ ਮੈਜਿਸਟਰੇਟ, ਸਹਾਇਕ ਕਰ ਤੇ ਆਬਕਾਰੀ ਅਧਿਕਾਰੀ, ਜੀ.ਓ.ਜੀ. ਸ਼ਾਮਲ ਹੋਏ। ਇਸ ਉਪਰੰਤ ਮੀਟਿੰਗ ਦੌਰਾਨ ਸ੍ਰੀ ਥੋਰੀ ਨੇ ਕਿਹਾ ਕਿ ਨਸ਼ਾ ਤਸਕਰਾਂ, ਨਸ਼ਾ ਸਪਲਾਈ ਕਰਨ ਵਾਲਿਆਂ ਅਤੇ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਨੂੰ ਮੁਕੰਮਲ ਠੱਲ੍ਹ ਪਾਉਣ ਲਈ ਤੁਰੰਤ ਪੂਰੀ ਮੁਸਤੈਦੀ ਨਾਲ ਕਦਮ ਪੁੱਟੇ ਜਾਣ।

ਜ਼ਿਲਾ ਮੈਜਿਸਟ੍ਰੇਟ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਲਈ ਵਟਸਐਪ ਹੈਲਪਲਾਈਨ ਨੰਬਰ 9592430781 ਜਾਰੀ ਕਰਦਿਆਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਲਈ ਸਾਰੇ ਨਾਗਰਿਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ ਅਤੇ ਇਸ ਨੰਬਰ 'ਤੇ ਪ੍ਰਾਪਤ ਹੋਣ ਵਾਲੀ ਕਿਸੇ ਵੀ ਸੂਚਨਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਿਆਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਤਰ ਰਾਜੀ ਹੱਦਾਂ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਵੰਡ ਤੋਂ ਪਹਿਲਾਂ ਰੋਕਿਆ ਜਾਣਾ ਜ਼ਰੂਰੀ ਹੈ ਅਤੇ ਇਸ ਲਈ ਪਿੰਡ ਪੱਧਰ ਤੇ ਚੌਕਸੀ ਵਧਾਏ ਜਾਣ ਦੀ ਜ਼ਰੂਰਤ ਹੈ। ਸ੍ਰੀ ਥੋਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਇਸ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕਿਸੇ ਵੀ ਪੱਧਰ ਤੇ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਬਾਦੀ ਦੇ ਨਾਲ-ਨਾਲ ਬਾਹਰਵਾਰ ਸਥਿਤ ਗੋਦਾਮਾਂ ਅਤੇ ਸਟੋਰੇਜ਼ ਦੇ ਹੋਰ ਛੋਟੇ ਵੱਡੇ ਸਥਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਵੀ ਸੰਭਾਵੀ ਸਪਲਾਈ ਨੈੱਟਵਰਕ ਬਾਰੇ ਜਾਣਕਾਰੀ ਮਿਲਣ 'ਤੇ ਫੌਰੀ ਕਾਰਵਾਈ ਕਰਕੇ ਮੁਕੰਮਲ ਖਾਤਮਾ ਕੀਤਾ ਜਾਵੇ।

ਸ੍ਰੀ ਥੋਰੀ ਨੇ ਫੋਰੀ ਐਕਸ਼ਨ ਦੀ ਰਣਨੀਤੀ ਨੂੰ ਅਮਲ ਵਿਚ ਲਿਆਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੁਲਸ, ਐਕਸਾਈਜ਼ ਜਾਂ ਅਜਿਹੇ ਹੀ ਕਿਸੇ ਹੋਰ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਦੀ ਨਸ਼ਾ ਤਸਕਰੀ 'ਚ ਸ਼ਮੂਲੀਅਤ ਜਾਂ ਸਹਿਯੋਗ ਦਾ ਮਾਮਲੇ ਸਾਹਮਣੇ ਆਉਣ ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਾਇਸੈਂਸ ਧਾਰਕਾਂ ਦੀ ਨਿਯਮਤ ਚੈਕਿੰਗ ਨੂੰ ਲਾਜ਼ਮੀ ਬਣਾਇਆ ਜਾਵੇ ਅਤੇ ਆਪਸੀ ਤਾਲਮੇਲ ਰੱਖਦੇ ਹੋਏ ਨਸ਼ਾ ਤਸਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ।

ਮੀਟਿੰਗ ਦੌਰਾਨ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਸ ਵੀ ਅੰਤਰ ਰਾਜੀ ਹੱਦਾਂ 'ਤੇ ਪੂਰੀ ਚੌਕਸੀ ਵਰਤ ਰਹੀ ਹੈ ਅਤੇ ਫ਼ੀਡਬੈੱਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਜ਼ਿਲੇ ਦੀਆਂ ਲਹਿਰਾ, ਮੂਨਕ, ਖਨੌਰੀ ਆਦਿ ਸਬ-ਡਵੀਜ਼ਨਾਂ ਦੇ ਉਨ੍ਹਾਂ ਮੁੱਖ ਅਤੇ ਪੇਂਡੂ ਰਸਤਿਆਂ ਤੇ ਤਿੱਖੀ ਨਜ਼ਰ ਰੱਖਣ ਦੀਆਂ ਹਦਾਇਤਾਂ ਸਬੰਧਤ ਐੱਸ.ਡੀ.ਐਮਜ਼ ਅਤੇ ਡੀ.ਐੱਸ.ਪੀ. ਨੂੰ ਦਿੱਤੀ ਗਈਆਂ, ਜਿਨ੍ਹਾਂ ਰਸਤਿਆਂ ਰਾਹੀਂ ਗੁਆਢੀ ਰਾਜਾਂ ਤੋਂ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਤਸਕਰੀ ਦੀਆਂ ਸੰਭਾਵਨਾਵਾਂ ਹਨ।

ਜ਼ਿਲਾ ਮੈਜਿਸਟਰੇਟ ਨੇ ਇਸ ਸਬੰਧੀ ਮਹੀਨਾਵਾਰ ਸਮੀਖਿਆ ਮੀਟਿੰਗਾਂ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਗੈਰ-ਸਮਾਜਿਕ ਅਨਸਰਾਂ ਨੂੰ ਸਲਾਖਾਂ ਪਿੱਛੇ ਜ਼ਰੂਰ ਪਹੁੰਚਾਇਆ ਜਾਵੇ ਜੋ ਨਸ਼ਿਆਂ ਦੇ ਕਾਲੇ ਕਾਰੋਬਾਰ ਦਾ ਪਾਸਾਰ ਕਰ ਰਹੇ ਹਨ। ਮੀਟਿੰਗ ਦੌਰਾਨ ਐੱਸ.ਡੀ.ਐੱਮ. ਮੂਨਕ ਤੇ ਲਹਿਰਾ ਕਾਲਾ ਰਾਮ ਕਾਂਸਲ, ਐੱਸ.ਡੀ.ਐੱਮ. ਦਿੜਬਾ ਮਨਜੀਤ ਸਿੰਘ, ਐਸ.ਡੀ.ਐਮ. ਸੁਨਾਮ ਮਨਜੀਤ ਕੌਰ, ਐੱਸ.ਡੀ.ਐੱਮ. ਧੂਰੀ ਲਤੀਫ਼ ਅਹਿਮਦ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਚੰਦਰ ਮਹਿਤਾ , ਇੰਚਾਰਜ ਜੀ.ਓ.ਜੀ ਧਨਵੀਰ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।


Shyna

Content Editor

Related News