ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ, 8 ਗ੍ਰਿਫ਼ਤਾਰ : SSP ਭਾਰਗਵ

07/27/2020 11:03:45 PM

ਮਾਨਸਾ,(ਸੰਦੀਪ ਮਿੱਤਲ)- ਮਾਨਸਾ ਪੁਲਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ 7 ਮੁਕੱਦਮੇ ਦਰਜ਼ ਕੀਤੇ ਹਨ।  ਐਸ. ਐਸ. ਪੀ. ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ 327 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਸਮੇਤ ਬਲੈਰੋ ਗੱਡੀ ਤੇ ਮੋਟਰਸਾਈਕਲ, 1 ਚਾਲੂ ਭੱਠੀ ਅਤੇ 145 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ।

ਐਸ. ਐਸ. ਪੀ. ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਪਾਰਟੀ ਦੌਰਾਨੇ ਗਸ਼ਤ ਕੁਲਾਣਾ ਰੋਡ 'ਤੇ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਸੰਜੇ ਪੁੱਤਰ ਚਰਨਾ ਰਾਮ ਵਾਸੀ ਬੁਢਲਾਡਾ ਬਲੈਰੋ ਗੱਡੀ ਵਿੱਚ ਹਰਿਆਣਾ ਮਾਰਕਾ ਸ਼ਰਾਬ ਲੈ ਕੇ ਆ ਰਿਹਾ ਹੈ ਅਤੇ ਰੰਗਾ ਪੁੱਤਰ ਚਰਨਾ ਰਾਮ ਵਾਸੀ ਬੁਢਲਾਡਾ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ 'ਤੇ ਸਵਾਰ ਹੋ ਕੇ ਬਤੌਰ ਗਾਇਡ ਗੱਡੀ ਦੇ ਅੱਗੇ-ਅੱਗੇ ਚੱਲ ਰਿਹਾ ਹੈ। ਜਿਸ 'ਤੇ ਸੰਜੇ ਅਤੇ ਰੰਗਾ ਪੁੱਤਰ ਚਰਨਾ ਸਿੰਘ ਵਾਸੀ ਬੁਢਲਾਡਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਢੁੱਕਵੀਂ ਜਗ੍ਹਾ 'ਤੇ ਨਾਕਾਬੰਦੀ ਕਰਕੇ ਦੋਨੋਂ ਵਿਅਕਤੀਆਂ ਨੂੰ ਬਲੈਰੋ ਗੱਡੀ ਅਤੇ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਸਮੇਤ ਕਾਬੂ ਕਰਕੇ 300 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ ਹੈ।

ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਝੁਨੀਰ ਦੀ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਮਲਕੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਲਖਮੀਰਵਾਲਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਾਇਆ, ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ ਉਸ ਨੂੰ ਸ਼ਰਾਬ ਨਜਾਇਜ਼ ਕਸੀਦ ਕਰਦਿਆਂ ਮੌਕੇ 'ਤੇ ਕਾਬੂ ਕਰਕੇ 1 ਚਾਲੂ ਭੱਠੀ, 20 ਲੀਟਰ ਲਾਹਣ ਅਤੇ 4 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਝੁਨੀਰ ਦੀ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਬਲਜੀਤ ਸਿੰਘ ਪੁੱਤਰ ਟੇਕ ਸਿੰਘ ਵਾਸੀ ਮਾਖੇਵਾਲਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਾਇਆ, ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਸਮੇਤ 20 ਲੀਟਰ ਲਾਹਣ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਥਾਣਾ ਭੀਖੀ ਦੀ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਜੋਧਾ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਬੋੜਾਵਾਲ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਾਇਆ, ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ ਉਸ ਨੂੰ ਕਾਬੂ ਕੀਤਾ ਅਤੇ 40 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਸਰਦੂਲਗੜ ਦੀ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਕੁਸ਼ੱਲਿਆਂ ਪਤਨੀ ਰਤਨ ਸਿੰਘ ਵਾਸੀ ਸੰਘਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਾਇਆ। ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ ਇਸ ਔਰਤ ਨੂੰ ਕਾਬੂ ਕਰਕੇ ਉਸ ਪਾਸੋਂ 40 ਲੀਟਰ ਲਾਹਣ ਬਰਾਮਦ ਕੀਤੀ।
ਐਸ. ਐਸ. ਪੀ. ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਭੋਲਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੁਢਲਾਡਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਾਇਆ, ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ ਉਸ ਨੂੰ ਕਾਬੂ ਕੀਤਾ ਅਤੇ 25 ਲੀਟਰ ਲਾਹਣ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਸਰਦੂਲਗੜ ਦੀ ਪੁਲਸ ਪਾਰਟੀ ਨੇ ਬਲਵਿੰਦਰ ਸਿੰਘ ਉਰਫ ਪੱਪੀ ਪੁੱਤਰ ਰੁਲੀਆ ਸਿੰਘ ਵਾਸੀ ਆਹਲੂਪੁਰ ਨੂੰ ਕਾਬੂ ਕਰਕੇ 11 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਹੋਣ 'ਤੇ ਉਸ ਵਿਰੁੱਧ ਥਾਣਾ ਸਰਦੂਲਗੜ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।

Deepak Kumar

This news is Content Editor Deepak Kumar