ਦਿੱਲੀ ਤੋਂ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਗ੍ਰਿਫਤਾਰ

01/07/2020 9:30:11 PM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ) - ਸੀ. ਆਈ. ਏ. ਸਟਾਫ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਦਿੱਲੀ ਤੋਂ ਦੋ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 1 ਲੱਖ 44 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ 2019 'ਚ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਲੱਖ 65 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ।

ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ 30 ਅਕਤੂਬਰ 2019 ਨੂੰ ਸੁਖਵਿੰਦਰ ਸਿੰਘ ਸੁੱਖ ਅਤੇ ਜਿੰਦਰ ਸਿੰਘ ਨੂੰ ਇਕ ਕਾਰ 'ਚੋਂ 1 ਲੱਖ 65 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਤਫਤੀਸ਼ ਤਹਿਤ 6 ਜਨਵਰੀ 2020 ਨੂੰ ਰਵਿੰਦਰ ਸਿੰਘ ਰਵੀ ਵਾਸੀ ਤਰਖਾਣ ਮਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਉਸ ਨੇ ਦਿੱਲੀ ਦੇ ਏਰੀਏ 'ਚੋਂ ਨਸ਼ੇ ਵਾਲੀਆਂ ਦਵਾਈਆਂ ਸੁਖ ਸਾਗਰ ਅਤੇ ਅਮਿਤ ਕੁਮਾਰ ਤੋਂ ਸਪਲਾਈ ਕਰਵਾਈਆਂ ਸਨ।

ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਇਨ੍ਹਾਂ ਦੋਸ਼ੀਆਂ ਨੂੰ ਫੜਨ ਲਈ ਦਿੱਲੀ ਰਵਾਨਾ ਹੋ ਗਏ ਅਤੇ ਦਿੱਲੀ ਪੁਲਸ ਦੀ ਮਦਦ ਨਾਲ ਸੁਖ ਸਾਗਰ ਅਤੇ ਅਮਿਤ ਕੁਮਾਰ ਵਾਸੀਆਨ ਬਿਹਾਰ ਹਾਲ ਆਬਾਦ ਨਵੀਂ ਦਿੱਲੀ ਨੂੰ ਸ਼ਾਸਤਰੀ ਮਾਰਕੀਟ ਦਿੱਲੀ 'ਚੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਕੋਲੋਂ 1 ਲੱਖ 44 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਇਨ੍ਹਾਂ ਦਾ 10 ਜਨਵਰੀ ਤੱਕ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਇਨ੍ਹਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਵੀ ਹਾਜ਼ਰ ਸਨ।


Related News