'ਡਰੱਗ ਫ੍ਰੀ ਪੰਜਾਬ' ਤੋਂ ਬਾਅਦ ਪੰਜਾਬ ਸਰਕਾਰ ਨੇ 'ਤੰਦਰੁਸਤ ਪੰਜਾਬ' ਮੁਹਿੰਮ ਚਲਾਈ: ਬ੍ਰਹਮ ਮਹਿੰਦਰਾ

07/15/2018 12:58:33 PM

ਪਟਿਆਲਾ(ਰਾਜੇਸ਼)— ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਪਟਿਆਲਾ ਅਤੇ ਪੰਜਾਬ ਸਟੇਟ ਐੱਸ.ਬੀ.ਆਈ. ਆਫੀਸਰਜ਼ ਪਟਿਆਲਾ ਸਰਕਲ ਵਲੋਂ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ। ਕੈਂਪ ਵਿਚ 500 ਦੇ ਲਗਭਗ ਆਫੀਸਰਜ਼ ਅਤੇ ਆਮ ਨਾਗਰਿਕਾਂ ਦਾ ਮੁਫਤ ਮੈਡੀਕਲ ਚੈੱਕਅਪ ਕਰ ਕੇ ਮੌਕੇ 'ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਅਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ। ਇਸ ਕੈਂਪ ਵਿਚ ਮੇਦਾਂਤਾ ਗੁੜਗਾਓ ਤੋਂ ਡਾ. ਐੱਸ.ਸੀ. ਠਾਕੁਰ, ਡਾ. ਸ਼ਿਖਾ ਗੋਇਲ, ਡਾ. ਮੁਨੀਸ਼ ਸੇਠ, ਡਾ. ਨਿਧੀ ਅੱਖਾਂ ਦੇ ਮਾਹਰ, ਡਾ. ਏ.ਪੀ. ਸਿੰਘ ਆਯੁਰਵੈਦਿਕ ਦੇ ਮਾਹਰ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਮੁਫਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ।
ਬ੍ਰਹਮ ਮਹਿੰਦਰਾ ਨੇ ਬੋਲਦਿਆਂ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬੈਂਕ ਆਫੀਸਰਜ਼ ਐਸੋਸੀਏਸ਼ਨ ਵਲੋਂ ਇੰਨਾਂ ਵੱਡਾ ਉਪਰਾਲਾ ਕਰ ਕੇ ਇਹ ਮੁਫਤ ਮੈਡੀਕਲ ਕੈਂਪ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਰੱਗ ਫ੍ਰੀ ਪੰਜਾਬ ਦਾ ਜੋ ਮਿਸ਼ਨ ਉਲੀਕਿਆ ਗਿਆ ਹੈ, ਉਸ ਦੇ ਤਹਿਤ ਬਹੁਤ ਹੀ ਵਧੀਆ ਨਤੀਜੇ ਆ ਰਹੇ ਹਨ ਅਤੇ ਭਾਰੀ ਗਿਣਤੀ ਵਿਚ ਨੌਜਵਾਨਾਂ ਵਲੋਂ ਨਸ਼ਾ ਤਿਆਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਸ਼ਾ ਕਰਨ ਵਾਲਿਆਂ ਨਾਲ ਨਫਰਤ ਨਹੀਂ ਕਰਨੀ ਚਾਹੀਦੀ ਸਗੋਂ ਨਸ਼ੇ ਤੋਂ ਨਫਰਤ ਕਰਨੀ ਚਾਹੀਦੀ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਅਤੇ ਹੋਰ ਕੰਮਾਂ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਤੰਦਰੁਸਤ ਪੰਜਾਬ ਮੁਹਿੰਮ ਚਲਾਈ ਹੈ। ਇਸ ਮੌਕੇ ਡੀ.ਐੱਸ.ਵਰਮਾ, ਦੀਪਕ ਸ਼ਰਮਾ, ਵਿਨੋਦ ਅਰੋੜਾ, ਜਾਗਜੀਤ ਸਿੰਘ ਆਦਿ ਹਾਜ਼ਰ ਸਨ।