ਨਸ਼ਾ ਗ੍ਰਸਤ ਲੋਕਾਂ ਦੀ ਗਿਣਤੀ ''ਚ ਹੋਇਆ ਰਿਕਾਰਡ ਤੋੜ ਵਾਧਾ

05/17/2020 4:16:47 PM

ਸੰਗਰੂਰ/ਸ਼ੇਰਪੁਰ (ਸਿੰਗਲਾ):  ਸੂਬੇ ਅੰਦਰ ਕੋਰੋਨਾ ਮਹਾਮਾਰੀ ਕਰਕੇ ਲਗਾਏ ਕਰਫਿਊ ਕਾਰਨ ਨਾਲ ਲੱਗਦੇ ਸੂਬਿਆਂ 'ਚੋਂ ਪੰਜਾਬ 'ਚ ਆਉਂਦੀ ਨਸ਼ਿਆਂ ਦੀ ਸਪਲਾਈ ਦੀ ਕੜੀ ਟੁੱਟ ਜਾਣ ਕਰਕੇ ਜ਼ਿਲੇ ਭਰ 'ਚ ਸਰਕਾਰੀ ਹਸਪਤਾਲਾਂ ਵਿਖੇ ਬਣੇ ਓਟ ਸੈਂਟਰਾਂ ਅੰਦਰ ਨਸ਼ੇੜੀਆਂ ਦੀ ਗਿਣਤੀ ਦਾ ਰਿਕਾਰਡ ਤੋੜ ਵਾਧਾ ਦਰਜ਼ ਹੋਣ ਨਾਲ ਸਰਕਾਰ ਦੀ ਨਸ਼ਾ ਮੁਕਤ ਪੰਜਾਬ ਸਿਰਜਣ ਦਾ ਸੁਪਨਾ ਹੁਣ ਧੁੰਦਲਾ ਹੁੰਦਾ ਜਾਪ ਰਿਹਾ ਹੈ।ਜੇਕਰ ਇਕੱਲੇ ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਨਸ਼ੇ ਤੋਂ ਪੀੜਤ ਲੋਕਾਂ ਦੀ ਰਾਹਤ ਲਈ ਬਣਾਏ ਗਏ ਓਟ ਸੈਂਟਰ 'ਚ ਨਸ਼ੇ ਦੀ ਦਲਦਲ 'ਚ ਧਸੇ ਲੋਕਾਂ ਦੀ ਗਿਣਤੀ 'ਚ ਹੈਰਾਨੀਜਨਕ ਵਾਧਾ ਹੋਇਆ ਹੈ।

ਪਰ ਹਸਪਤਾਲ ਖੁੱਲ੍ਹਣ ਤੋਂ ਪਹਿਲਾ ਹੀ ਨਸ਼ਾ ਛੱਡਣ ਵਾਲੀ ਗੋਲੀ ਖਾਣ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਹੈ। ਹਸਪਤਾਲ 'ਚ ਲੱਗਦੀਆਂ ਲੰਮੀਆਂ ਲਾਇਨਾਂ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਹੁਣ ਇਸ ਦਲਦਲ 'ਚ ਫਸੇ ਛੋਟੀ-ਵੱਡੀ ਉਮਰ ਦੇ ਲੋਕਾਂ ਦਾ ਇਸ ਗੋਲੀ ਬਿਨਾਂ ਨਹੀਂ ਸਰ ਸਕਦਾ। ਜੇਕਰ ਕਦੇ ਇਸ ਗੋਲੀ ਦੀ ਸਪਲਾਈ ਕਿਸੇ ਕਾਰਨ ਪਿੱਛੇ ਤੋਂ ਘੱਟ ਜਾਵੇ ਤਾਂ ਇਨ੍ਹਾਂ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਅਤੇ ਇਹ ਲੋਕ ਆਪਣੀ ਨਸ਼ਾ ਪੂਰਤੀ ਲਈ ਇਧਰ-ਉਧਰ ਭੜਕਦੇ ਨਜ਼ਰ ਆਉਂਦੇ ਹਨ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਰਫਿਊ ਤੋਂ ਪਹਿਲਾਂ ਇੱਥੇ ਓਟ ਸੈਂਟਰ ਸ਼ੇਰਪੁਰ ਵਿਖੇ ਨਸ਼ਾ ਮੁਕਤੀ ਦੀ ਗੋਲੀ ਲੈਣ ਵਾਲੇ ਰਜਿਸਟਰਡ ਨਸ਼ੇੜੀਆਂ ਦੀ ਗਿਣਤੀ 234 ਸੀ ਜੋ ਹੁਣ ਇਕ ਦਮ ਇਹ ਗਿਣਤੀ ਵਧ ਕੇ 900 ਦੇ ਕਰੀਬ ਹੋ ਗਈ ਹੈ।

ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਬਲਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਦਵਾਈ ਪਹਿਲਾਂ 21 ਦਿਨਾਂ ਵਾਸਤੇ ਦਿੱਤੀ ਜਾਂਦੀ ਸੀ ਹੁਣ ਇਹ ਸਟਾਕ ਕੁਝ ਦਿਨਾਂ ਵਿੱਚ ਹੀ ਖਤਮ ਹੋ ਜਾਂਦਾ ਹੈ। ਫਿਰ ਵੀ ਉਹ ਪੀੜਤ ਵਿਅਕਤੀਆਂ ਨੂੰ ਦਵਾਈ ਦੇ ਕੇ ਹੀ ਭੇਜ ਰਹੇ ਹਨ। ਸਵੇਰੇ ਹਸਪਤਾਲ ਖੁੱਲ੍ਹਣ ਤੋਂ ਕਾਫੀ ਸਮਾਂ ਪਹਿਲਾਂ ਹੀ ਵੱਖ-ਵੱਖ ਪਿੰਡਾਂ ਤੋਂ ਪੀੜਤ ਲੋਕ ਇੱਥੇ ਆ ਕੇ ਲੰਮੀਆਂ ਲਾਇਨਾਂ 'ਚ ਲੱਗ ਜਾਂਦੇ ਹਨ। ਜਾਣਕਾਰੀ ਅਨੁਸਾਰ ਬੇਸ਼ੱਕ ਸ਼ੇਰਪੁਰ ਵਿਖੇ ਪਹਿਲਾ ਸਪਲਾਈ 250 ਦੇ ਕਰੀਬ ਵਿਅਕਤੀਆਂ ਦੀ ਆਉਂਦੀ ਸੀ ਪਰ ਹੁਣ ਗਿਣਤੀ 900 ਦੇ ਕਰੀਬ ਹੋ ਗਈ ਹੈ ਪਰ ਸਪਲਾਈ ਪਹਿਲਾ ਵਾਂਗ ਹੀ ਆ ਰਹੀ ਹੈ, ਜਦਕਿ ਗੋਲੀ ਖਾਣ ਵਾਲੇ ਵਿਆਕਤੀ ਦੀ ਵਧੀ ਗਿਣਤੀ ਅਨੁਸਾਰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੂੰ ਇਸ ਦੀ ਸਪਲਾਈ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ। ਕਈ ਵਾਰ ਇਹ ਗੋਲੀਆਂ ਦੀ ਸਪਲਾਈ ਨਾਂ ਆਉਣ ਕਰਕੇ ਓਟ ਸੈਂਟਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਇਨ੍ਹਾਂ ਲੋਕਾਂ ਦਾ ਤਕਰਾਰ ਹੁੰਦਾ ਦੇਖਿਆ ਜਾਂਦਾ ਹੈ। ਸਿੱਖ ਬੁਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਂ. ਹਰਬੰਸ ਸਿੰਘ ਸ਼ੇਰਪੁਰ, ਨੌਜਵਾਨ ਸਮਾਜ ਸੇਵੀ ਕੁਲਵਿੰਦਰ ਕੁਮਾਰ ਕਾਲਾ ਵਰਮਾਂ, ਐਡਵੋਕੇਟ ਹਰਪ੍ਰੀਤ ਸਿੰਘ ਖੀਪਲ, ਠੇਕੇਦਾਰ ਧਰਮਿੰਦਰ ਸਿੰਗਲਾ ਨੇ ਕਿਹਾ ਕਿ ਬਾਹਰੋਂ ਨਸ਼ੇ ਨਾ ਮਿਲਣ ਕਰਕੇ ਸਾਹਮਣੇ ਆਏ ਨਸ਼ੇ ਦੀ ਦਲਦਲ 'ਚ ਘਿਰੇ ਇਨ੍ਹਾਂ ਵਿਅਕਤੀਆਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਉਨ੍ਹਾਂ ਨਾਲ ਮਾਨਵੀ ਵਿਵਹਾਰ ਕਰਦੇ ਹੋਏ ਉਨ੍ਹਾਂ ਦਾ ਮਾਨਸਿਕ ਇਲਾਜ ਵੀ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਮੁੜ ਜ਼ਿੰਦਗੀ ਦੀ ਰਾਹ ਤੇ ਲਿਆਂਦਾ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਲੋਕਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਦਵਾਈ ਦਾ ਜਲਦ ਪ੍ਰਬੰਧ ਕੀਤਾ ਜਾਵੇ।ਉਨ੍ਹਾਂ ਨਸ਼ੇ ਦੇ ਵਪਾਰੀਆਂ ਦਾ ਲੱਕ ਹੋਰ ਵੱਡੇ ਪੱਧਰ ਤੇ ਤੋੜਨ ਅਤੇ ਹੋਰ ਨਸ਼ਾ ਛੁਡਾਉ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵੀ ਸਰਕਾਰ ਨੂੰ ਬੇਨਤੀ ਕੀਤੀ।


Shyna

Content Editor

Related News