''ਡੇਪੋ'' ਮੁਹਿੰਮ ਦਾ ਮੁੱਖ ਮੰਤਵ ਨਸ਼ੇ ਨੂੰ ਜੜ੍ਹੋਂ ਖਤਮ ਕਰਨੈ : ਗੁਪਤਾ

07/31/2018 1:42:03 PM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)—'ਡਰੱਗ ਅਬਿਊਜ਼ ਪ੍ਰੀਵੈਨਸ਼ਨ ਮੁਹਿੰਮ' ਤਹਿਤ ਜ਼ਿਲੇ 'ਚ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਮੰਤਵ ਨਾਲ ਅੱਜ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਜ਼ਿਲੇ ਦੇ ਸਮੂਹ ਖੁਸ਼ਹਾਲੀ ਦੇ ਰਾਖਿਆ, ਡਾਕਟਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਧਰਮ ਪਾਲ ਗੁਪਤਾ ਨੇ ਹਰ ਇਕ ਖੁਸ਼ਹਾਲੀ ਦੇ ਰਾਖਿਆਂ ਤੋਂ ਪਿੰਡ ਅਨੁਸਾਰ ਨਸ਼ਾ ਕਰਨ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਇਕ ਹਫਤੇ ਦੇ ਅੰਦਰ-ਅੰਦਰ ਨਸ਼ਾ ਕਰਨ ਵਾਲੇ ਹਰ ਵਿਅਕਤੀ ਤੱਕ ਪਹੁੰਚ ਕਰ ਕੇ ਉਸ ਨੂੰ ਸਿਹਤ ਵਿਭਾਗ ਵੱਲੋਂ ਬਣਾਏ ਗਏ ਕੇਂਦਰਾਂ 'ਚ ਨਸ਼ਾ ਛੱਡਣ ਦੀ ਦਵਾਈ ਲਈ ਹਰ ਹਾਲਤ 'ਚ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਬਣਾਏ ਗਏ 6 ਓਟ ਕੇਂਦਰਾਂ ਬਰਨਾਲਾ, ਧਨੌਲਾ, ਤਪਾ ਮੰਡੀ, ਮਹਿਲ ਕਲਾਂ, ਭਦੌੜ ਅਤੇ ਸੋਹਲ ਪੱਤੀ ਵਿਖੇ ਡਾਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਦਵਾਈ ਦੀਆਂ ਗੋਲੀਆਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ 'ਡੇਪੋ' ਮੁਹਿੰਮ ਅਧੀਨ ਬਰਨਾਲਾ ਜ਼ਿਲੇ ਦੇ ਨਸ਼ਿਆਂ ਤੋਂ ਰਹਿਤ ਪਿੰਡਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਜਲਦ ਹੀ ਨਸ਼ਾ ਮੁਕਤ ਐਲਾਨਿਆ ਜਾਵੇਗਾ ਅਤੇ ਇਸ ਕੰਮ 'ਚ ਸਹਿਯੋਗ ਪਾਉਣ ਵਾਲੇ ਮੋਹਤਬਰਾਂ ਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੂਹ ਖੁਸ਼ਹਾਲੀ ਦੇ ਰਾਖਿਆਂ ਨੂੰ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਪਿਆਰ ਨਾਲ ਸਮਝਾਇਆ ਜਾਵੇ ਅਤੇ ਜੇਕਰ ਜ਼ਰੂਰਤ ਪਵੇ ਤਾਂ ਉਸ ਦੇ ਪਰਿਵਾਰ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਉਸ ਵਿਅਕਤੀ ਨੂੰ ਨਸ਼ੇ ਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਨਸ਼ਾ ਕਰਨ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਐੱਸ. ਐੱਸ. ਪੀ. ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ, ਐੱਸ. ਡੀ. ਐੱਮ. ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਕਰਮਜੀਤ ਸਿੰਘ, ਐੱਸ. ਪੀ. ਸੁਖਦੇਵ ਸਿੰਘ, ਡੀ. ਡੀ. ਪੀ. ਓ. ਸੰਜੀਵ ਸ਼ਰਮਾ, ਡੀ. ਐੱਸ. ਪੀ. ਰਾਜੇਸ਼ ਛਿੱਬਰ, ਡੀ. ਐੱਸ. ਪੀ. ਕੁਲਦੀਪ ਸਿੰਘ ਵਿਰਕ ਅਤੇ ਜ਼ਿਲੇ ਦੇ ਸਬੰਧਤ ਅਧਿਕਾਰੀ ਮੌਜੂਦ ਸਨ।


Related News