ਦੋਰਾਹਾ : ਐਕਟਿਵਾ ਸਣੇ ਨਹਿਰ ''ਚ ਡਿੱਗਿਆ ਵਿਆਹੁਤਾ ਜੋੜਾ, ਤੈਰਦੀ ਮਿਲੀ ਲਾਸ਼

09/08/2020 9:56:15 PM

ਦੋਰਾਹਾ,(ਵਿਨਾਇਕ)-ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਕਟਾਣਾ ਸਾਹਿਬ ਨੇੜੇ ਇਕ ਵਿਆਹੁਤਾ ਜੋੜਾ ਐਕਟਿਵਾ ਸਮੇਤ ਸ਼ੱਕੀ ਹਾਲਾਤ 'ਚ ਨਹਿਰ 'ਚ ਡਿੱਗ ਗਿਆ, ਜਿਨ੍ਹਾਂ 'ਚੋਂ ਜਨਾਨੀ ਦੀ ਲਾਸ਼ ਨਹਿਰ 'ਚ ਤੈਰਦੀ ਹੋਈ ਮਿਲੀ, ਹਾਲਾਂਕਿ ਵਿਅਕਤੀ ਲਾਪਤਾ ਹੈ। ਪੁਲਸ ਮੁਤਾਬਕ ਇਹ ਮਾਮਲਾ ਖੁਦਕਸ਼ੀ ਜਾਂ ਅਚਾਨਕ ਵਾਪਰੀ ਘਟਨਾ ਦਾ ਹੈ, ਇਸ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮ੍ਰਿਤਕਾ ਦੇ ਵਾਰਸਾਂ ਦਾ ਪਤਾ ਲਗਾ ਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਦੋਰਾਹਾ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਇਕ ਵਿਆਹੁਤਾ ਜੋੜਾ ਐਕਟਿਵਾ 'ਤੇ ਸਵਾਰ ਹੋ ਕੇ ਨੀਲੋ ਤੋਂ ਦੋਰਾਹਾ ਵੱਲ ਨੂੰ ਆ ਰਿਹਾ ਸੀ। ਜਦੋਂ ਇਹ ਜੋੜਾ ਪਿੰਡ ਕਟਾਣਾ ਸਾਹਿਬ ਵੱਲ ਨੂੰ ਮੁੜਨ ਲੱਗਾ ਤਾਂ ਨਹਿਰ ਪੁੱਲ ਤੋਂ ਉਨ੍ਹਾਂ ਦੀ ਐਕਟਿਵਾ ਸਰਹਿੰਦ ਨਹਿਰ 'ਚ ਜਾ ਡਿੱਗੀ। ਇਸ ਹਾਦਸੇ 'ਚ ਉਕਤ ਜੋੜਾ ਪਾਣੀ 'ਚ ਡੁੱਬ ਗਿਆ, ਜਿਸ ਦੌਰਾਨ ਜਨਾਨੀ ਦੀ ਮੌਤ ਹੋਣ 'ਤੇ ਉਸ ਦੀ ਲਾਸ਼ ਪਾਣੀ 'ਚ ਤੈਰਨ ਲੱਗੀ ਅਤੇ ਰਾਹਗੀਰਾਂ ਨੇ ਹਾਦਸੇ ਵਾਲੀ ਜਗ੍ਹਾ ਤੋਂ ਅੱਧਾ ਕਿਲੋਮੀਟਰ (ਨੇੜੇ ਪੈਟਰੋਲ ਪੰਪ, ਰਾਮਪੁਰ) ਤੋਂ ਨਹਿਰ 'ਚੋਂ ਲਾਸ਼ ਨੂੰ ਬਰਾਮਦ ਕਰਕੇ ਬਾਹਰ ਕੱਢ ਲਿਆਂਦਾ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਦੋਰਾਹਾ ਦੇ ਐਸ. ਐਚ. ਓ. ਨਛੱਤਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ, ਜਿਨ੍ਹਾਂ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਗੋਤਾਖੌਰਾਂ ਦੀ ਮਦਦ ਨਾਲ ਵਿਅਕਤੀ ਦੀ ਭਾਲ ਅਤੇ ਐਕਟਿਵਾ ਨੂੰ ਨਹਿਰ 'ਚੋਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੇਰ ਸ਼ਾਮ ਤੱਕ ਕੋਈ ਸਫਲਤਾ ਹੱਥ ਨਹੀਂ ਲੱਗੀ। ਇਸ ਦੌਰਾਨ ਪੁਲਸ ਨੇ ਜਨਾਨੀ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸ਼ਨਾਖਤ ਕਰਨ ਅਤੇ ਪੋਸਟਮਾਰਟਮ ਕਰਵਾਉਣ ਲਈ 72 ਘੰਟੇ ਤੱਕ ਸਿਵਲ ਹਸਪਤਾਲ ਲੁਧਿਆਣਾ ਦੇ ਮੋਰਚਰੀ ਹਾਉੂਸ 'ਚ ਰੱਖਵਾ ਦਿੱਤਾ ਹੈ। ਐਸ. ਐਚ. ਓ ਨਛੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਰੰਗ ਗੋਰਾ, ਸ਼ਰੀਰ ਦਰਮਿਆਨਾ, ਨੀਲੇ ਰੰਗ ਦਾ ਸੂਟ, ਗਹਿਰੀ ਨੀਲੀ ਪਲਾਜੋਂ ਪਾਈ ਹੋਈ ਸੀ ਅਤੇ ਸੱਜੇ ਹੱਥ ਦੇ ਗੁੱਟ 'ਤੇ ਕਾਲੇ ਰੰਗ ਦਾ ਧਾਗਾ, ਤਬੀਤ ਬੰਨਿਆ ਹੋਇਆ ਹੈ, ਇਸ ਦੇ ਨਾਲ ਹੀ ਖੱਬੇ ਹੱਥ 'ਚ ਚਾਂਦੀ ਦਾ ਕੜਾ, ਜਿਸ 'ਤੇ ਮਨੀ ਲਿਖਿਆ ਹੋਇਆ ਹੈ, ਨੱਕ 'ਚ ਬਰੀਕ ਕੌਕਾ ਤੇ ਪੈਰਾ 'ਚ ਝਾਂਜਰਾਂ ਪਾਈਆਂ ਹੋਈਆਂ ਹਨ। ਇਹ ਖਬਰ ਲਿੱਖੇ ਜਾਣ ਤੱਕ ਮ੍ਰਿਤਕਾ ਦੀ ਸ਼ਿਨਾਖਤ ਨਹੀਂ ਹੋ ਸਕੀ। ਇਸ ਸੰਬੰਧੀ ਵਧੇਰੇ ਜਾਣਕਾਰੀ ਦੇਣ ਲਈ ਦੋਰਾਹਾ ਥਾਣਾ ਦੇ ਮੋਬਾਇਲ ਨੰਬਰ 95929-14037, 95929-13648 'ਤੇ ਸੰਪਰਕ ਕੀਤਾ ਜਾ ਸਕਦਾ ਹੈ।


Deepak Kumar

Content Editor

Related News