ਡਾਕਟਰ ਦੀ ਲਾਪਰਵਾਹੀ ਨਾਲ 19 ਸਾਲਾ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਇਆ ਧਰਨਾ

01/10/2020 1:16:35 PM

ਮੋਗਾ (ਗੋਪੀ ਰਾਊਕੇ): ਸਥਾਨਕ ਸ਼ਹਿਰ ਮੋਗਾ ਵਿਖੇ ਸਥਿਤੀ ਅੱਜ ਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਜਗਜੀਤ ਸਿੰਘ ਵਾਸੀ ਕਿਸ਼ਨਪੁਰਾ ਕਲਾਂ, ਦੀ ਡੀ. ਐੱਮ. ਸੀ. ਲੁਧਿਆਣਾ ਵਿਖੇ ਹੋਈ ਮੌਤ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਹਸਪਤਾਲ ਅੱਗੇ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਜਾਣਕਾਰੀ ਮੁਤਾਬਕ 1 ਜਨਵਰੀ 2020 ਨੂੰ ਸੰਦੀਪ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਕਾਰ 'ਚ ਸਵਾਰ ਹੋ ਕੇ ਰਿਸ਼ਤੇਦਾਰੀ 'ਚੋਂ ਆਪਣੇ ਘਰ ਆ ਰਿਹਾ ਸੀ।

ਇਸ ਦੌਰਾਨ ਰਸਤੇ 'ਚ ਅਚਾਨਕ ਉਨ੍ਹਾਂ ਦੀ ਕਾਰ ਨੂੰ ਇਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸੰਦੀਪ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦਾ ਗਿਆ, ਜਿੱਥੋਂ ਕਿ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਪਰ ਕਿਸੇ ਦੇ ਕਹਿਣ 'ਤੇ ਉਹ ਮੋਗਾ ਵਿਖੇ ਇੱਕ ਨਿੱਜੀ ਹਸਪਤਾਲ 'ਚ ਉਸ ਨੂੰ ਲੈ ਗਏ, ਜਿੱਥੇ ਦੋ ਦਿਨਾਂ ਬਾਅਦ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪਰਿਵਾਰ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਡਾਕਟਰ ਨੇ ਪੂਰੀ ਤਰ੍ਹਾਂ ਇਸ ਮਾਮਲੇ 'ਚ ਅਣਗਹਿਲੀ ਵਰਤੀ ਹੈ ਅਤੇ ਉਸ ਦੀ ਅਣਗਹਿਲੀ ਨਾਲ ਹੀ ਸੰਦੀਪ ਦੀ ਮੌਤ ਹੋਈ ਹੈ, ਪਰ ਦੂਜੇ ਪਾਸੇ ਡਾਕਟਰ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਤੋਂ ਹੀ ਸ਼ੂਗਰ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।


Shyna

Content Editor

Related News