ਵਿਆਹ ''ਚ ਡੀ.ਜੇ. ਲਗਾ ਕੇ ਵਾਪਸ ਆ ਰਹੇ ਮਾਲਕ ''ਤੇ ਹਮਲਾ, ਦੋਸ਼ੀ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ

10/23/2020 12:22:32 PM

ਤਪਾ ਮੰਡੀ(ਸ਼ਾਮ,ਗਰਗ)-ਸਥਾਨਕ ਬਾਜੀਗਰ ਬਸਤੀ 'ਚ ਵਿਆਹ 'ਚ ਡੀ.ਜੇ ਲਗਾ ਕੇ ਘਰ ਵਾਪਸ ਆ ਰਹੇ ਮਾਲਕ ਨੂੰ ਕੁਝ ਵਿਅਕਤੀਆਂ ਨੇ ਘੇਰ ਕੇ ਕੁੱਟਮਾਰ ਕਰਕੇ ਫਰਾਰ ਹੋਣ ਬਾਰੇ ਜਾਣਕਾਰੀ ਮਿਲੀ ਹੈ। ਹਸਪਤਾਲ ਤਪਾ 'ਚ ਜੇਰੇ ਇਲਾਜ ਗੋਬਿੰਦ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਬਾਜੀਗਰ ਬਸਤੀ ਤਪਾ ਨੇ ਆਪਣੀ ਪਤਨੀ ਰੇਸ਼ਮਾ ਦੀ ਹਾਜ਼ਰੀ 'ਚ ਦੱਸਿਆ ਕਿ ਉਹ ਬਸਤੀ 'ਚ ਹੀ ਕਿਸੇ ਵਿਆਹ 'ਚ ਡੀ.ਜੇ ਲਗਾ ਕੇ ਵਾਪਸ ਘਰ ਆ ਰਿਹਾ ਸੀ ਤਾਂ ਕੁਝ ਵਿਅਕਤੀਆਂ ਜਿਨ੍ਹਾਂ 'ਚ ਇਕ ਔਰਤ ਜੋ ਪਹਿਲਾਂ ਹੀ ਕਥਿਤ ਤੌਰ ਤੇ ਸ਼ਾਜਿਸ ਅਧੀਨ ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਲੈ ਕੇ ਖੜ੍ਹੇ ਸਨ ਨੇ ਹਮਲਾ ਕਰਕੇ ਲਹੂ-ਲੁਹਾਣ ਕਰਕੇ ਭੱਜ ਗਏ, ਜਦ ਘਟਨਾ ਸੰਬੰਧੀ ਮੇਰੀ ਪਤਨੀ ਰੇਸ਼ਮਾ ਨੂੰ ਪਤਾ ਲੱਗਾ ਤਾਂ ਉਸ ਨੇ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਨਾਲ ਹਸਪਤਾਲ ਤਪਾ ਦਾਖਲ ਕਰਵਾਇਆ।

ਪੀੜਤ ਨੇ ਵਜ੍ਹਾ ਰੰਜਿਸ਼ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਘਰ ਦੇ ਸਾਹਮਣੇ ਇਕ ਔਰਤ ਦੇ ਘਰ ਕੁਝ ਵਿਅਕਤੀ ਆਉਂਦੇ ਰਹਿੰਦੇ ਹਨ ਜਿਨ੍ਹਾਂ ਦਾ ਉਸ ਵੱਲੋਂ ਵਿਰੋਧ ਕਰਨ ਤੇ ਔਰਤ ਸਮੇਤ ਕਈ ਵਿਅਕਤੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਪੀੜਤ ਦਾ ਕਹਿਣਾ ਹੈ ਕਿ ਇਸ ਘਟਨਾ 'ਚ ਉਸ ਦਾ ਲੈਪਟਾਪ ਜਿਸ ਨਾਲ ਡੀ.ਜੇ ਚਲਾਉਂਦਾ ਹੈ ਅਤੇ 10 ਹਜ਼ਾਰ ਰੁਪਏ ਨਗਦ ਵੀ ਗਾਇਬ ਦੱਸੇ ਗਏ। ਪੀੜਤ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਉਸ ਦੇ ਸਿਰ 'ਚ 14 ਟਾਂਕੇ ਲੱਗੇ ਹਨ ਜੇਕਰ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸ਼ੰਘਰਸ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਜ਼ਖਮੀ ਗੋਬਿੰਦ ਸਿੰਘ ਦੇ ਬਿਆਨਾਂ ਤੇ ਜੋਤੀ ਕੌਰ, ਗੋਗੜੀ, ਸੇਵਕ ਸਿੰਘ ਪੁੱਤਰਾਨ ਰੂਪੀ ਸਿੰਘ, ਸੇਵਕ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮੋੜ ਨਾਭਾ ਅਤੇ ਇਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Aarti dhillon

Content Editor

Related News