ਡਾਇੰਗ ਮਸ਼ੀਨ ਫਟਣ ਨਾਲ ਸ਼ਿਫਟ ਇੰਚਾਰਜ ਦੀ ਮੌਤ

Sunday, Oct 07, 2018 - 07:01 AM (IST)

ਲੁਧਿਆਣਾ, (ਮੁਕੇਸ਼)- ਡਾਇੰਗ ਫੈਕਟਰੀ ’ਚ ਮਸ਼ੀਨ ਫੱਟਣ ਨਾਲ ਸ਼ਿਫਟ ਇੰਚਾਰਜ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਭਰਾ ਸ਼ਿੰਟੂ ਕੁਮਾਰ ਨੇ ਕਿਹਾ ਕਿ ਉਸ ਦਾ ਭਰਾ ਪਿੰਟੂ ਕੁਮਾਰ (34) ਡਾਇੰਗ ਫੈਕਟਰੀ ’ਚ ਕਈ ਸਾਲਾਂ ਤੋਂ ਸ਼ਿਫਟ ਇੰਚਾਰਜ ਦਾ ਕੰਮ ਕਰ ਰਿਹਾ ਸੀ। ਡਿਊਟੀ ਦੌਰਾਨ  ਡਾਇੰਗ ਮਸ਼ੀਨ ’ਚ ਹੋਏ ਬਲਾਸਟ ਨਾਲ ਪਿੰਟੂ ਬੁਰੀ ਤਰ੍ਹਾਂ  ਜ਼ਖਮੀ ਹੋ ਗਿਆ। ਜਿਸ ਨੂੰ ਸ਼ੇਰਪੁਰ ਕੈਂਸਰ ਹਸਪਤਾਲ ਇਲਾਜ ਲਈ ਲੈ ਕੇ ਆਏ ਪਰ ਸਰੀਰ ਦੇ ਕਾਫੀ ਥਾਂ  ਤੋਂ ਫੱਟ ਜਾਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਪਿੰਟੂ ਪਰਿਵਾਰ ਨਾਲ ਕਿਰਾਏ ਦੇ ਕੁਆਰਟਰ  ’ਚ ਇਥੇ ਰਹਿੰਦਾ ਸੀ। ਉਸ ਦੀਅਾਂ 3 ਲੜਕੀਆਂ ਤੇ 1 ਲੜਕਾ ਜੋ ਅਪਾਹਿਜ ਹੈ  ਦੇ ਪਾਲਣ-ਪੋਸ਼ਣ ਲਈ ਪਤਨੀ ਤੇ ਮਜ਼ਦੂਰਾਂ ਆਦਿ ਨੇ ਮੁਆਵਜ਼ੇ ਦੀ ਮੰਗ ਕੀਤੀ।
 ਪਹਿਲਾਂ ਤਾਂ ਫੈਕਟਰੀ ਮਾਲਕਾਂ ਨੇ ਉੱਚ ਰੁਤਬੇ ਦਾ ਰੋਅਬ ਦਿਖਾਉਂਦੇ ਹੋਏ ਮਾਮਲਾ ਦੱਬਣ ਦੀ ਕੋਸ਼ਿਸ਼ ਕੀਤੀ, ਜਦੋਂ ਮਾਲਕਾਂ ਦੀ ਇਕ ਨਾ  ਚੱਲੀ ਤਾਂ  ਭਾਰੀ ਗਿਣਤੀ ’ਚ ਇਕੱਠੇ ਹੋਏ ਮਜ਼ਦੂਰਾਂ, ਲੀਡਰਾਂ  ਨੇ ਪਰਿਵਾਰ ਨਾਲ ਸ਼ੇਰਪੁਰ ਹਸਪਤਾਲ ਬਾਹਰ ਰੋਸ ਪ੍ਰਦਰਸ਼ਨ  ਸ਼ੁਰੂ ਕਰ ਦਿੱਤਾ। ਮੌਕੇ ’ਤੇ ਪੁਲਸ, ਪੀ. ਸੀ. ਆਰ. ਦਸਤੇ ਪਹੁੰਚ ਗਏ। 
ਮਾਲਕਾਂ ਨੇ ਲਾਏ ਦੋਸ਼ਾਂ ਦਾ ਖੰਡਨ  ਕੀਤਾ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ  ਡਾਇੰਗ  ਮਸ਼ੀਨ ਦਾ ਢੱਕਣ  ਕਿਵੇਂ ਫੱਟ  ਗਿਆ ਤੇ  ਪਿੰਟੂ ਦੀ ਮੌਤ ਹੋ ਗੲੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News