ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ਾਦੇ ਢੰਗ ਨਾਲ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ

01/26/2021 3:44:52 PM

ਫ਼ਿਰੋਜ਼ਪੁਰ(ਕੁਮਾਰ)- ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਸੰਵਿਧਾਨ ਨੇ ਧਰਮਾਂ, ਜਾਤਾਂ, ਸੱਭਿਆਚਾਰਾਂ ਵਿੱਚ ਵੰਡੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਕੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਇਮਾਨਦਾਰੀ ਨਾਲ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ। ਇਹ ਵਿਚਾਰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ. ਅਜਾਇਬ ਸਿੰਘ ਭੱਟੀ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮਾਗਮ ਵਿੱਚ ਕਮਿਸ਼ਨਰ ਸ੍ਰੀ. ਸੁਮੇਰ ਸਿੰਘ ਗੁਰਜਰ, ਡੀ.ਆਈ.ਜੀ. ਸ੍ਰ. ਹਰਦਿਆਲ ਸਿੰਘ ਮਾਨ, ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ, ਜ਼ਿਲ੍ਹਾ ਸੈਸ਼ਨ ਜੱਜ ਸ੍ਰੀ. ਸਚਿਨ ਸਰਮਾ ਅਤੇ ਐੱਸ.ਐੱਸ.ਪੀ. ਸ੍ਰ. ਭੁਪਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮਹਿਮਾਨ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ. ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਇਹ ਦਿਹਾੜਾ ਸਾਨੂੰ ਸਾਡੇ ਸ਼ਹੀਦਾਂ/ਆਜ਼ਾਦੀ ਘੁਲਾਟੀਆਂ ਵੱਲੋਂ ਭਾਰਤ ਦੇ ਭਵਿੱਖ ਦੇ ਬਾਰੇ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਰ ਖੇਤਰ ਵਿੱਚ ਅਵਲ ਰਹਿ ਕੇ ਮੱਲਾਂ ਮਾਰੀਆਂ ਹਨ ਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ 80 ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ਸਮੁੱਚਾ ਰਾਸ਼ਟਰ ਗਣਤੰਤਰ ਦਿਵਸ ਮਨਾ ਰਿਹਾ ਹੈ ਤਾਂ ਦੇਸ਼ ਦਾ ਕਿਸਾਨ ਖ਼ਾਸ ਤੌਰ ਤੇ ਪੰਜਾਬੀ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ ਦੋ ਮਹੀਨਿਆਂ ਤੋਂ ਹੱਡ ਚੀਰਵੀਂ ਠੰਢ ਵਿੱਚ ਰੋਸ ਧਰਨੇ ਉੱਤੇ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਬਣਾ ਕੇ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ।ਲੋਕਤੰਤਰ ਵਿੱਚ ਲੋਕਾਂ ਦਾ ਰਾਜ ਹੁੰਦਾ ਹੈ ਪਰ ਕੇਂਦਰ ਸਰਕਾਰ ਲੱਖਾਂ ਦੀ ਗਿਣਤੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਹੱਡ ਚੀਰਵੀਂ ਠੰਢ ਵਿੱਚ ਸੰਘਰਸ ਕਰ ਰਹੇ ਕਿਸਾਨਾਂ ਤੇ ਇਸ ਸੰਘਰਸ਼ ਵਿੱਚ ਜਾਨ ਗੁਆ ਚੁੱਕੇ ਕਿਸਾਨਾਂ ਨੂੰ ਮੈਂ ਸਿਜਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪ੍ਰਤੀ ਕਿਸਾਨ ਪੰਜ ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਦੇ ਨਾਲ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ  ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਗਣਤੰਤਰਤਾ ਦਿਵਸ ਸਮਾਗਮ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾ ਰਿਹਾ ਹੈ। 

ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਮੁੱਖ ਮਹਿਮਾਨ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ. ਅਜਾਇਬ ਸਿੰਘ ਭੱਟੀ ਨੇ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਅਤੇ ਪੰਜਾਬ ਪੁਲਸ, ਹੋਮ ਗਾਰਡਜ਼ ਅਤੇ ਐੱਨ.ਸੀ.ਸੀ. ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹੇ ਦੇ ਵਿਕਾਸ ਨੂੰ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਆਰਮੀ ਵੱਲੋਂ ਬੈਂਡ ਵੀ ਪੇਸ਼ ਕੀਤਾ ਗਿਆ। ਇਸ ਤੋਂ ਇੱਕ ਦਿਨ ਪਹਿਲਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ. ਅਜਾਇਬ ਸਿੰਘ ਭੱਟੀ ਨੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਵੱਲੋਂ ਦਿੱਤੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ। ਇਸ ਵਾਰ ਫਿਰੋਜ਼ਪੁਰ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਗਣਤੰਤਰ ਦਿਵਸ ਸਮਾਰੋਹ ਵਿਚ ਸ਼ਾਮਲ ਹੋਏ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਬਹੁਤ ਘੱਟ ਸੀ।


Aarti dhillon

Content Editor

Related News