ਸਡ਼ਕ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਲੋਕਾਂ ਨੇ ਲਾਇਆ ਜਾਮ

09/29/2019 10:56:12 PM

ਕੋਟਕਪੂਰਾ,(ਨਰਿੰਦਰ)- ਸਡ਼ਕ ਦੀ ਬੇਹੱਦ ਖਸਤਾ ਹਾਲਤ ਤੋਂ ਪ੍ਰੇਸ਼ਾਨ ਪਿੰਡ ਲਾਲੇਆਣਾ ਵਾਸੀਆਂ ਨੇ ਅੱਜ ਪਿੰਡ ਵਿਚੋਂ ਲੰਘਦੀ ਕੋਟਕਪੂਰਾ-ਜੈਤੋ ਮੁਖ ਸਡ਼ਕ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਬੀਤੇ ਢਾਈ-ਤਿੰਨ ਸਾਲ ਤੋਂ ਕੋਟਕਪੂਰਾ ਤੋਂ ਪਿੰਡ ਲਾਲੇਆਣੇ ਦੇ ਪੈਟਰੋਲ ਪੰਪ ਤੱਕ ਸਡ਼ਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਸਡ਼ਕ ਦੇ ਇਸ 4-5 ਕਿਲੋਮੀਟਰ ਲੰਮੇ ਹਿੱਸੇ ’ਤੇ ਵੱਡੇ ਤੇ ਚੌਡ਼ੇ ਖੱਡੇ ਬਣ ਚੁੱਕੇ ਹਨ। ਇਨ੍ਹਾਂ ਖੱਡਿਆਂ ਕਾਰਨ ਹੁਣ ਤੱਕ ਅਣਗਿਣਤ ਹਾਦਸੇ ਵਾਪਰ ਚੁੱਕੇ ਹਨ। ਇੱਥੋਂ ਤੱਕ ਕਿ ਸਡ਼ਕ ਦੀ ਮਾਡ਼ੀ ਹਾਲਤ ਕਾਰਨ ਵਾਪਰੇ ਹਾਦਸਿਆਂ ਦੌਰਾਨ ਦੋ ਲੇਡੀਜ਼ ਪੁਲਸ ਮੁਲਾਜ਼ਮਾਂ ਸਮੇਤ 8 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਡ਼ਕ ’ਤੇ ਲਗਾਤਾਰ ਵਾਪਰ ਰਹੇ ਹਾਦਸਿਆਂ ਦੌਰਾਨ ਅਨੇਕਾਂ ਵਿਅਕਤੀਆਂ ਦੇ ਜ਼ਖਮੀ ਹੋਣ ਤੋਂ ਇਲਾਵਾ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਚੁੱਕਿਆ ਹੈ। ਧਰਨਾਕਾਰੀਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੰਨਾ ਕੁੱਝ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਉਹ ਬੀਤੇ ਸਮੇਂ ਦੌਰਾਨ ਅਨੇਕਾਂ ਵਾਰ ਵੱਖ-ਵੱਖ ਸਮੇਂ ’ਤੇ ਅਧਿਕਾਰੀਆਂ ਨੂੰ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਫਰਿਆਦ ਕਰ ਚੁੱਕੇ ਹਨ ਪ੍ਰੰਤੂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਵੀ ਇੱਥੇ ਆਏ ਸਨ, ਜਿਨ੍ਹਾਂ ਇਸ ਸਡ਼ਕ ਨੂੰ ਪਹਿਲ ਦੇ ਆਧਾਰ ’ਤੇ ਬਣਾਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਸਡ਼ਕ ਦੀ ਹਾਲਤ ਅਜੇ ਤੱਕ ਵੀ ਜਿਉਂ ਦੀ ਤਿਉਂ ਹੈ। ਇਸ ਦੌਰਾਨ ਉੱਥੇ ਪੁੱਜੇ ਪੀ. ਡਬਲਯੂ. ਡੀ. ਦੇ ਐੱਸ. ਡੀ. ਓ. ਨਵੀਨ ਕੁਮਾਰ ਨੇ ਲੋਕਾਂ ਨੂੰ ਦੱਸਿਆ ਕਿ ਇਸ ਕੰਮ ਲਈ ਟੈਂਡਰ ਲੱਗ ਚੁੱਕਿਆ ਹੈ ਪ੍ਰੰਤੂ ਅਜੇ ਕੁੱਝ ਸਮਾਂ ਲੱਗੇਗਾ। ਐੱਸ. ਡੀ. ਓ. ਵੱਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਲੋਕ ਟੱਸ ਤੋਂ ਮੱਸ ਨਹੀਂ ਹੋਏ ਅਤੇ ਲਗਾਤਾਰ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ। ਇਸ ਦੌਰਾਨ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਭ ਰਾਜ ਪਿੰਡ ਲਾਲੇਆਣਾ ਪੁੱਜੇ ਅਤੇ ਧਰਨਾਕਾਰੀਆਂ ਨੂੰ ਦੱਸਿਆ ਕਿ ਇਸ ਕੰਮ ਨਾਲ ਸਬੰਧਤ ਅੈਸਟੀਮੇਟ ਤਿਆਰ ਹੋ ਚੁੱਕਿਆ ਹੈ ਜੋ ਅਪਰੂਵਲ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਮਨੀ ਚੋਣਾਂ ਤੋਂ ਬਾਅਦ ਅਪਰੂਵਲ ਹੋਣ ’ਤੇ ਟੈਂਡਰ ਲੱਗੇਗਾ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਿਦਵਾਇਆ ਕਿ ਸਾਰੇ ਪ੍ਰੋਸੈੱਸ ਲਈ ਘੱਟੋ-ਘੱਟ ਦੋ ਮਹੀਨੇ ਦਾ ਸਮਾਂ ਲੱਗੇਗਾ ਪ੍ਰੰਤੂ ਸਡ਼ਕ ਦੀ ਹਾਲਤ ਨੂੰ ਵੇਖਦੇ ਹੋਏ ਇਸ ਦਾ ਆਰਜ਼ੀ ਤੌਰ ’ਤੇ ਕੰਮ ਪਹਿਲ ਦੇ ਆਧਾਰ ’ਤੇ ਕਰਵਾ ਦਿੱਤਾ ਜਾਵੇਗਾ ਤਾਂ ਜੋ ਆਵਾਜਾਈ ਸੌਖੇ ਢੰਗ ਨਾਲ ਚਲਦੀ ਰਹਿ ਸਕੇ। ਡਿਪਟੀ ਕਮਿਸ਼ਨਰ ਵਲੋਂ ਮਿਲੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਸ਼ਾਂਤੀ ਦੇਵੀ ਸਰਪੰਚ ਲਾਲੇਆਣਾ, ਕਿਸ਼ੋਰੀ ਲਾਲ ਸਾਬਕਾ ਸਰਪੰਚ, ਵਿਪਨ ਚੰਦਰ ਕੌਸ਼ਲ, ਵਿਕਾਸ ਜੋਸ਼ੀ, ਸ਼ਿਵਰਾਜ ਕੁਮਾਰ, ਅਨਿਲ ਅਗਰਵਾਲ, ਓਮ ਪ੍ਰਕਾਸ਼, ਕੇਵਲ ਕੁਮਾਰ, ਗੁਰਾਂਦਿੱਤਾ ਸਿੰਘ, ਭੋਲੀ ਸ਼ਰਮਾਂ, ਬੂਟਾ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਛਿੰਦਰ ਕੌਰ, ਅਮ੍ਰਿਤ ਲਾਲ ਬਾਹਮਣ ਵਾਲਾ, ਬਘੇਲ ਸਿੰਘ ਢਾਬ, ਤੇਜ ਸਿੰਘ ਢਾਬ, ਦਲਜੀਤ ਸਿੰਘ, ਸ਼ੇਰ ਸਿੰਘ, ਰਛਪਾਲ ਸਿੰਘ ਨਾਨਕਸਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।


Related News