ਬੇਅਦਬੀ ਮਾਮਲਾ : ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਦੀ ਰੈਕੀ ਕਰਨ ਵਾਲਿਆਂ ਦੀ ਹੋਈ ਪਛਾਣ, 5 ’ਤੇ ਮੁਕੱਦਮਾ ਦਰਜ

09/15/2021 2:27:38 PM

ਫ਼ਰੀਦਕੋਟ (ਰਾਜਨ): ਬੀਤੀ 9 ਸਤੰਬਰ ਨੂੰ ਬੇਅਦਬੀ ਮਾਮਲਿਆਂ ਦੇ ਦੋਸ਼ੀ ਡੇਰਾ ਪ੍ਰੇਮੀ ਸ਼ਕਤੀ ਸਿੰਘ ਜੋ ਇਸ ਵੇਲੇ ਜ਼ਮਾਨਤ ’ਤੇ ਹੈ ਦੇ ਪਿੰਡ ਡੱਗੋ ਰੋਮਾਣਾ ਪੁੱਜ ਕੇ ਇਸ ਦੇ ਘਰ ਦੀ ਰੈਕੀ ਕਰਨ ਅਤੇ ਇਸਦੇ ਘਰ ਜਾ ਕੇ ਦਰਵਾਜਾ ਖੁਲ੍ਹਵਾ ਕੇ ਅੰਦਰ ਜਾਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਅਣਪਛਾਤੇ ਨੌਜਵਾਨਾਂ ਦੀ ਜ਼ਿਲ੍ਹਾ ਪੁਲਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਡਿੰਗ ਨੂੰ ਲੈ ਕੇ ਪਛਾਣ ਕਰਕੇ ਇਸ ਮਾਮਲੇ ਵਿੱਚ ਦੋ ਪਛਾਤਿਆਂ ਸਮੇਤ 5 ਵਿਅਕਤੀਆਂ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਡੇਰਾ ਪ੍ਰੇਮੀ ਸ਼ਕਤੀ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਜਿਸ ਵੇਲੇ ਉਹ ਬੀਤੀ 9 ਸਤੰਬਰ ਨੂੰ ਘਰੋਂ ਆਪਣੇ ਕੰਮਕਾਰ ਸਬੰਧੀ ਬਾਹਰ ਗਿਆ ਹੋਇਆ ਸੀ ਤਾਂ ਉਸ ਦੇ ਮਗਰੋਂ ਬਾਅਦ ਦੁਪਿਹਰ 3 ਵਜੇ ਦੇ ਕਰੀਬ ਇੱਕ ਨੌਜਵਾਨ ਜਿਸ ਦੇ ਨੀਲੇ ਰੰਗ ਦੀ ਕਮੀਜ਼ ਅਤੇ ਸਿਰ ’ਤੇ ਟੋਪੀ ਪਾਈ ਹੋਈ ਸੀ ਨੇ ਉਸਦੇ ਘਰ ਦਾ ਦਰਵਾਜਾ ਖੜਕਾਇਆ, ਜਿਸ ’ਤੇ ਉਸ ਦੇ ਸੁਰੱਖਿਆ ਕਰਮਚਾਰੀ ਨੇ ਜਦ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਸ਼ਿਕਾਇਤ ਕਰਤਾ ਨੂੰ ਮਿਲਣ ਲਈ ਆਖਦਿਆਂ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪ੍ਰੰਤੂ  ਸੁਰੱਖਿਆ ਕਰਮਚਾਰੀ ਨੇ ਸ਼ੱਕ ਪੈਣ ’ਤੇ ਦਰਵਾਜਾ ਬੰਦ ਕਰ ਲਿਆ। ਸ਼ਕਤੀ ਸਿੰਘ ਨੇ ਦੱਸਿਆ ਕਿ ਜਦ ਬਾਅਦ ਵਿੱਚ ਉਸਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨਾਲ ਚਾਰ ਹੋਰ ਨੌਜਵਾਨ ਕਾਰ ਨੰਬਰ ਪੀ.ਬੀ 03-ਏ ਡਬਲਯੂ-0606 ’ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਉਸ ਦੇ ਘਰ ਦੀ ਰੈਕੀ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। 
 

ਇਸ ਮਾਮਲੇ ਵਿੱਚ ਐੱਸ.ਪੀ. ਡਾ. ਬਾਲ ਕ੍ਰਿਸ਼ਨ ਸਿੰਗਲਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਵੱਲੋਂ ਸ਼ਨਾਖਤ ਕੀਤੇ ਗਏ ਸੁਖਜੀਤ ਸਿੰਘ ਉਰਫ਼ ਸੀਤੂ ਪੁੱਤਰ ਗੁਰਦੇਵ ਸਿੰਘ, ਭੋਲਾ ਸਿੰਘ ਪੁੱਤਰ ਜੋਗਿੰਦਰ ਸਿੰਘ ਦੋਵੇਂ ਵਾਸੀ ਜੀਵਨ ਵਾਲਾ ਥਾਣਾ ਸਦਰ ਕੋਟਕਪੂਰਾ ਤੋਂ ਇਲਾਵਾ ਇਨ੍ਹਾਂ ਦੇ 3 ਹੋਰ ਅਣਪਛਾਤੇ ਸਾਥੀਆਂ ’ਤੇ ਅਧੀਨ ਧਾਰਾ 449/511 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਜਲਦ ਹੀ ਕਰ ਲਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਕਤੀ ਸਿੰਘ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਚੁੱਕੀ ਹੈ।


Shyna

Content Editor

Related News