ਕਾਂਗਰਸ ਹਾਈਕਮਾਨ ਸਿੱਧੂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰੇ : ਜਿੰਦਾ

05/21/2019 12:11:31 AM

ਜ਼ੀਰਾ, (ਅਕਾਲੀਆਂਵਾਲਾ)– ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਖਿਲਾਫ ਪਾਰਟੀ ਨਿਯਮਾਂ ਤੋਂ ਉਪਰ ਉਠ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਾਂਗਰਸ ਪਾਰਟੀ ਦੇ ਅਸੂਲਾਂ ਨੂੰ ਭੰਗ ਕਰਨ ਵਾਲੇ ਸਿੱਧੂ ਖਿਲਾਫ ਤੁਰੰਤ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਨਾਲ ਅਜਿਹੇ ਆਗੂ ਫਿਰ ਤੋਂ ਮੂੰਹ ਨਾ ਖੋਲ੍ਹ ਸਕਣ। ਇਹ ਵਿਚਾਰ ਸਮਾਜ-ਸੇਵੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਜਿੰਦਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਨਾਲ ਕਾਂਗਰਸ ਪਾਰਟੀ ਅਤੇ ਸਰਕਾਰ ਦਾ ਅਕਸ ਧੁੰਦਲਾ ਹੋਇਆ ਹੈ ਅਤੇ ਪਾਰਟੀ ਨੂੰ ਚੋਣਾਂ ’ਚ ਨੁਕਸਾਨ ਪੁੱਜਾ ਹੈ। ਸਿੱਧੂ ਦੀ ਬਿਆਨਬਾਜ਼ੀ ਕਰ ਕੇ ਹੀ ਵਿਰੋਧੀ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਦੀ ਸਰਕਾਰ ਜੋ ਕਿ ਸਹੀ ਢੰਗ ਨਾਲ ਚੱਲ ਰਹੀ ਹੈ, ਉੱਪਰ ਉਂਗਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਅੁਨਸ਼ਾਸਨਹੀਣਤਾ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਿੱਧੂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਅਮਰਿੰਦਰ ਸਿੰਘ ਖਿਲਾਫ ਜੋ ਬਿਆਨਬਾਜ਼ੀ ਦਾ ਮੋਰਚਾ ਖੋਲ੍ਹਿਆ ਹੈ, ਉਸ ਨੂੰ ਟਕਸਾਲੀ ਕਾਂਗਰਸੀ ਆਗੂ ਕਦੇ ਵੀ ਸਹਿਣ ਨਹੀਂ ਕਰਨਗੇ।

Bharat Thapa

This news is Content Editor Bharat Thapa