ਪਿਛਲੇ 5 ਦਿਨਾਂ ਤੋਂ ਟੁਟੀਆਂ ''ਚ ਆ ਰਹੇ ਸੀਵਰੇਜ ਦਾ ਗੰਦਾ ਪਾਣੀ, ਲੋਕਾਂ ਵਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ

09/04/2019 6:22:13 PM

ਬਰਨਾਲਾ,(ਵਿਵੇਕ ਸਿੰਧਵਾਨੀ,ਰਵੀ) : ਪਿਛਲੇ ਪੰਜ ਦਿਨਾਂ ਤੋਂ ਸੇਖਾ ਫਾਟਕ ਨਜ਼ਦੀਕ ਅਗਰਵਾਲ ਕਲੋਨੀ 'ਚ ਪੀਣ ਵਾਲੇ ਪਾਣੀ ਦੀਆਂ ਟੁਟੀਆਂ 'ਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋਕੇ ਆ ਰਿਹਾ ਹੈ। ਜਿਸ ਕਾਰਨ ਇੱਥੋਂ ਦੇ ਲੋਕ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਮੁਹੱਲਾ ਵਾਸਿਆਂ ਨੇ ਆਪਣੀ ਫਰਿਆਦ ਸੀਵਰੇਜ ਬੋਰਡ ਦੇ ਅਧਿਕਾਰਿਆਂ ਕੋਲ ਵੀ ਲਗਾਈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿੱਕਲਿਆ। ਜਿਸ ਦੇ ਰੋਸ਼ ਵਜੋਂ ਮੁਹੱਲੇ ਦੀਆਂ ਔਰਤਾਂ ਨੇ ਪ੍ਰਸ਼ਾਸ਼ਨ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। 

ਪਾਣੀ ਹੈ ਜੀਵਨ, ਇਹ ਤਾਂ ਪ੍ਰਸ਼ਾਸ਼ਨ ਕਰਵਾ ਦੇ ਸਾਨੂੰ ਮੁਹੱਈਆ
ਗੱਲਬਾਤ ਕਰਦਿਆਂ ਮੁਹੱਲੇ ਦੀਆਂ ਔਰਤਾਂ ਨੇ ਕਿਹਾ ਕਿ ਪਾਣੀ ਤੋਂ ਬਗੈਰ ਇਨਸਾਨ ਜਿਊਂਦਾ ਨਹੀਂ ਰਹਿ ਸਕਦਾ। ਪਾਣੀ ਪਹਿਲੀ ਬੁਨਿਆਦੀ ਸਹੂਲਤ ਹੈ। ਇਸ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਸਾਨੂੰ ਪੀਣ ਵਾਲਾ ਸਾਫ ਪਾਣੀ ਵੀ ਮੁਹੱਈਆ ਨਹੀ ਕਰਵਾ ਸਕਦਾ। ਪਿਛਲੇ ਪੰਜ ਦਿਨਾਂ ਤੋਂ ਸਾਡੇ ਮੁਹੱਲੇ ਅਗਰਵਾਲ ਕਲੋਨੀ 'ਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ, ਜਿਸ ਦੀ ਅਧਿਕਾਰਿਆਂ ਕੋਲ ਵੀ ਫਰਿਆਦ ਲਗਾ ਚੁੱਕੇ ਹਾਂ ਤੇ ਲੀਡਰਾਂ ਕੋਲ ਵੀ ਅਸੀਂ ਆਪਣੀ ਫਰਿਆਦ ਲਗਾ ਚੁੱਕੇ ਹਾਂ ਪਰ ਸਾਡਾ ਮਸਲਾ ਹੱਲ ਨਹੀਂ ਹੋਇਆ। ਜਿਸ ਦੇ ਰੋਸ ਵਜੋਂ ਅੱਜ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਤੇ ਕਈ ਲੋਕ ਗੰਦਾ ਪਾਣੀ ਪੀ-ਪੀ ਕੇ ਬੀਮਾਰ ਹੋ ਚੁਕੇ ਹਨ। ਹੁਣ ਮਜ਼ਬੂਰਨ ਇਲਾਕਾ ਨਿਵਾਸੀ ਫਿਲਟਰ ਵਾਲਾ ਪਾਣੀ ਮੰਗਵਾ ਰਹੇ ਹਨ ਪਰ ਪਾਣੀ ਮੰਗਵਾਉਣ 'ਤੇ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਗਿਆ ਤਾਂ ਉਨ੍ਹਾਂ ਵੱਲੋਂ ਰੋਡ ਜਾਮ ਕਰਕੇ ਅੰਦੋਲਨ ਕੀਤਾ ਜਾਵੇਗਾ। 


Related News