ਗੰਦੇ ਪਾਣੀ ਦੇ ਛੱਪੜ ਦਾ ਪੱਧਰ ਵੱਧਣ ਕਾਰਨ ਪਿੰਡ ਵਾਸੀਆਂ ''ਚ ਚਿੰਤਾ

07/12/2018 4:03:47 PM

ਬੁਢਲਾਡਾ, (ਬਾਂਸਲ)—ਨੇੜਲੇ ਪਿੰਡ ਗੁੱੜਦੀ ਦੇ ਸਾਂਝੇ ਛੱਪੜ 'ਚ ਗੰਦੇ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਵਾਸੀਆਂ 'ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੋਬਾ ਸਫਾਈ ਕਮੇਟੀ ਦੇ ਆਗੂ ਕੁਲਵਿੰਦਰ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ, ਜੁਗਿੰਦਰ ਸਿੰਘ, ਨਿਹਾਲ ਸਿੰਘ ਆਦਿ ਨੇ ਕਿਹਾ ਕਿ ਪਿੰਡ ਅੰਦਰ ਸਿਰਫ ਗੰਦੇ ਪਾਣੀ ਦੇ ਨਿਕਾਸ ਲਈ ਇਕੋਂ ਸਾਂਝਾ ਛੱਪੜ ਹੈ, ਜਿਸ 'ਚ ਸਾਰੇ ਪਿੰਡ ਦਾ ਗੰਦਾ ਪਾਣੀ ਪੈਂਦਾ ਹੈ। ਪਿਛਲੇ ਕੁਝ ਸਮੇਂ ਤੋਂ ਪਿੰਡ ਵਾਸੀਆਂ ਵਲੋਂ ਛੱਪੜ ਦਾ ਪਾਣੀ ਜ਼ਿਆਦਾ ਗੰਦਾ ਹੋਣ ਕਾਰਨ ਬੀਮਾਰੀਆਂ ਲੱਗਣ ਦੇ ਡਰ ਕਾਰਨ ਇਸ 'ਚ ਪਸ਼ੂਆਂ ਨੂੰ ਨਹੀਂ ਨਵਾਇਆ ਜਾਂਦਾ ਸੀ। ਇਸ ਸਮੱਸਿਆ ਨੂੰ ਲੈ ਕੇ ਟੋਬਾ ਸਫਾਈ ਕਮੇਟੀ ਵੱਲੋਂ ਸਮੂਹ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਇਸ ਨੂੰ ਦੋ ਹਿੱਸਿਆਂ 'ਚ ਵੰਡ ਕੇ ਸਫਾਈ ਕਰਵਾਈ ਗਈ ਤਾਂ ਜੋ ਗੰਦਾ ਪਾਣੀ ਅਤੇ ਸਾਫ ਪਾਣੀ ਵੱਖ-ਵੱਖ ਕੀਤਾ ਜਾ ਸਕੇ, ਜਿਸ ਨਾਲ ਪਿੰਡ ਦੇ ਪਸ਼ੂ ਗੰਦੇ ਪਾਣੀ ਤੋਂ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚ ਸਕਣ ਪਰ ਪਿੰਡ ਵਾਸੀਆਂ ਦੀ ਚਿੰਤਾ ਉਸ ਸਮੇਂ ਵਧ ਗਈ ਜਦੋਂ ਬਰਸਾਤਾਂ ਦੀ ਰੁੱਤ ਹੋਣ ਤੋਂ ਪਹਿਲਾਂ ਹੀ ਗੰਦੇ ਪਾਣੀ ਵਾਲਾ ਛੱਪੜ ਦਾ ਹਿੱਸਾ ਓਵਰ ਫਲੋਅ ਹੋਣ ਦੇ ਕੰਢੇ ਪੁੱਜ ਚੁੱਕਾ ਹੈ। ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਇਸ ਦਾ ਯੋਗ ਹੱਲ ਕੱਢਿਆ ਜਾਵੇ ਤਾਂ ਜੋ ਪਿੰਡ ਦੇ ਪਸ਼ੂ ਧਨ ਨੂੰ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।