ਧੂਰੀ ਬਲਾਕ ਤੇ ਕਲੱਸਟਰ ਨਾਲ ਸਬੰਧਿਤ ਪਿੰਡਾਂ ਨੂੰ ਦੂਜੇ ਬਲਾਕਾਂ ’ਚ ਨਹੀਂ ਜਾਵੇਗਾ ਬਦਲਿਆ : ਵਿਧਾਇਕ ਗੋਲਡੀ

10/22/2021 7:12:01 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪਿਛਲੇ ਕੁਝ ਦਿਨਾਂ ਤੋਂ ਬਲਾਕ ਧੂਰੀ ਨਾਲ ਸਬੰਧਿਤ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਹੋਰ ਬਲਾਕਾਂ ਤੇ ਸੈਂਟਰਾਂ ਨਾਲ ਜੋੜਨ ਸਬੰਧੀ ਜੋ ਮਾਮਲਾ ਚੱਲ ਰਿਹਾ ਸੀ, ਅੱਜ ਉਸ ਮਸਲੇ ਸਬੰਧੀ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਸਪੱਸ਼ਟ ਕੀਤਾ ਕਿ ਧੂਰੀ ਬਲਾਕ ਨਾਲ ਸਬੰਧਤ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਪਹਿਲਾਂ ਵਾਂਗ ਹੀ ਧੂਰੀ ਬਲਾਕ ਦੇ ਸੈਂਟਰ ਅਤੇ ਕਲੱਸਟਰਾਂ ਨਾਲ ਰੱਖਿਆ ਜਾਵੇਗਾ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਧੂਰੀ ਬਲਾਕ ਨਾਲ ਸਬੰਧਿਤ ਪਿੰਡਾਂ ਦੇ ਸਕੂਲਾਂ ਨੂੰ ਸ਼ੇਰਪੁਰ ਬਲਾਕ ਨਾਲ ਜੋੜਦੇ ਹੋਏ 35-40 ਕਿਲੋਮੀਟਰ ਦੂਰ ਸੈਂਟਰਾਂ ਨਾਲ ਜੋੜ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਵੱਲੋਂ ਡੀ. ਈ. ਓ. ਦਫ਼ਤਰ ਸੰਗਰੂਰ ਅੱਗੇ ਧਰਨਾ ਦਿੱਤਾ ਗਿਆ ਸੀ।

ਇਸ ਮਾਮਲੇ ਨੂੰ ਲੈ ਕੇ ਗਰਾਮ ਪੰਚਾਇਤ ਬਾਲੀਆਂ, ਸਕੂਲ ਮਨੇਜਮੈਂਟ ਕਮੇਟੀ ਬਾਲੀਆਂ ਅਤੇ ਸਕੂਲ ਵਿਕਾਸ ਕਮੇਟੀ ਬਾਲੀਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਮੰਗ ਪੱਤਰ ਭੇਜਣ ਤੋਂ ਇਲਾਵਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਵਫ਼ਦ ਦੇ ਰੂਪ ’ਚ ਮਿਲਿਆ ਸੀ। ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਧੂਰੀ ਨਾਲ ਸਬੰਧਿਤ ਪਿੰਡਾਂ ਨੂੰ ਪਹਿਲਾਂ ਵਾਂਗ ਹੀ ਸੈਂਟਰ ਤੇ ਬਲਾਕ ਨਾਲ ਰੱਖਿਆ ਜਾਵੇਗਾ ਅਤੇ ਪਿੰਡਾਂ ਦੇ ਅਧਿਆਪਕਾਂ, ਬੱਚਿਆਂ ਅਤੇ ਮਾਪਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਸਕੂਲ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਤਾਂ ਜੋ ਸਕੂਲਾਂ ਦੇ ਚੰਗੇ ਨਤੀਜੇ ਆ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਧੂਰੀ ਗੁਰਮੀਤ ਸਿੰਘ ਵੀ ਹਾਜ਼ਰ ਸਨ।

ਬਾਲੀਆਂ ਦੇ ਲੋਕਾਂ ਨੇ ਵਿਧਾਇਕ ਗੋਲਡੀ ਦਾ ਕੀਤਾ ਧੰਨਵਾਦ-ਪਿੰਡ ਬਾਲੀਆਂ ਦੇ ਸਰਪੰਚ ਕੁਲਦੀਪ ਸਿੰਘ, ਸਮਾਜ ਸੇਵੀ ਤੇ ਸਾਬਕਾ ਫੌਜੀ ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਰਾਮ ਸਿੰਘ ਪੰਚ, ਸੁਰਜੀਤ ਸਿੰਘ, ਸੁਖਚੈਨ ਸਿੰਘ, ਨਵਜੋਤ ਸਿੰਘ, ਜਸਦੀਪ ਸਿੰਘ, ਜਸਪ੍ਰੀਤ ਸਿੰਘ ਆਦਿ ਆਗੂਆਂ ਨੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਇਸ ਮਸਲੇ ਨੂੰ ਹੱਲ ਕਰ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਿੰਡਾਂ ਦੇ ਸਕੂਲਾਂ ਨੂੰ ਧੂਰੀ ਬਲਾਕ ਨਾਲ ਰੱਖੇ ਜਾਣ ਕਰਕੇ ਇਕ ਵੱਡੀ ਸਮੱਸਿਆ ਦਾ ਹੱਲ ਹੋ ਗਿਆ ਹੈ। 


Manoj

Content Editor

Related News