ਗੰਨੇ ਦੀ ਅਦਾਇਗੀ ਨਾ ਹੋਣ ਤੋਂ ਖਫਾ ਕਿਸਾਨ ਮਿੱਲ ਦੀ ਚਿਮਨੀ ''ਤੇ ਚੜ੍ਹੇ

08/17/2019 2:45:21 PM

ਧੂਰੀ(ਜੈਨ) : ਸਮੁੱਚਾ ਦੇਸ਼ ਜਦ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਸੀ ਤਾਂ ਦੂਜੇ ਪਾਸੇ ਇਲਾਕੇ ਦੇ 2 ਕਿਸਾਨ ਸ਼ੂਗਰਮਿੱਲ ਵੱਲੋਂ ਕਿਸਾਨਾਂ ਦੇ ਗੰਨੇ ਦੀ ਕਰੀਬ 26 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਨਾ ਕੀਤੇ ਜਾਣ ਤੋਂ ਦੁਖੀ ਹੋ ਕੇ ਮਿੱਲ ਦੀ ਚਿਮਨੀ 'ਤੇ ਜਾ ਚੜ੍ਹੇ। ਉਨ੍ਹਾਂ ਦੇ ਹੱਥਾਂ 'ਚ ਪੈਟਰੋਲ ਅਤੇ ਸਲਫਾਸ ਵੀ ਸੀ। ਆਜ਼ਾਦੀ ਦਿਹਾੜੇ ਮੌਕੇ ਮਿੱਲ ਦੀ ਚਿਮਨੀ 'ਤੇ ਚੜ੍ਹੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਕਨਵੀਨਰ ਹਰਜੀਤ ਸਿੰਘ ਬੁਗਰਾਂ ਅਤੇ ਸੰਤ ਸਿੰਘ ਪਲਾਸੌਰ ਜਿੱਥੇ ਕਿਸਾਨਾਂ ਦੀ ਅਦਾਇਗੀ ਲਈ ਚਿਮਨੀ ਤੋਂ ਸੰਘਰਸ਼ ਕਰ ਰਹੇ ਸੀ, ਉੱਥੇ ਹੀ ਉਨ੍ਹਾਂ ਦੇ ਸਾਥੀ ਚਿਮਨੀ ਦੇ ਨਜ਼ਦੀਕ ਮਿੱਲ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਇਹ ਦੋਵੇਂ ਕਿਸਾਨ ਆਗੂ 15 ਅਗਸਤ ਨੂੰ ਸਵੇਰੇ ਕਰੀਬ ਸਾਢੇ 7 ਵਜੇ ਚਿਮਨੀ 'ਤੇ ਚੜ੍ਹੇ ਸੀ। ਇਨ੍ਹਾਂ ਦੀ ਇਸ ਕਾਰਵਾਈ ਨੂੰ ਵੇਖ ਮਿਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ 'ਚ ਖਲਬਲੀ ਮੱਚ ਗਈ ਅਤੇ ਇਸ ਮਸਲੇ ਨੂੰ ਨਿਪਟਾਉਣ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਜ਼ਿਕਰਯੋਗ ਹੈ ਕਿ ਮਿੱਲ ਵੱਲ ਬਕਾਇਆ ਅਦਾਇਗੀ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਕਈ ਦਿਨ ਤੱਕ ਹਾਈਵੇ ਜਾਮ ਰੱਖਣ ਤੋਂ ਇਲਾਵਾ ਐੱਸ. ਡੀ. ਐੱਮ. ਦਫਤਰ ਦਾ ਘਿਰਾਓ ਕਰ ਕੇ ਸਟਾਫ ਨੂੰ ਬੰਧਕ ਵੀ ਬਣਾ ਲਿਆ ਗਿਆ ਸੀ।

ਆਖਰ ਦੇਰ ਸ਼ਾਮ ਮਿੱਲ ਮੈਨੇਜਮੈਂਟ ਅਤੇ ਸੰਘਰਸ਼ ਕਮੇਟੀ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਕਰੀਬ 11 ਘੰਟੇ ਬਾਅਦ ਦੋਵੇਂ ਕਿਸਾਨ ਆਗੂ ਚਿਮਨੀ ਤੋਂ ਹੇਠਾਂ ਉੱਤਰ ਆਏ। ਉਕਤ ਸਮਝੌਤੇ ਮੁਤਾਬਕ ਕਿਸਾਨਾਂ ਦੇ ਬਕਾਇਆ ਰਹਿੰਦੇ ਕਰੀਬ 26 ਕਰੋੜ ਰੁਪਏ 'ਚੋਂ 10 ਕਰੋੜ ਰੁਪਏ ਮਿੱਲ ਵੱਲੋਂ ਇਸੇ ਮਹੀਨੇ 31 ਅਗਸਤ ਤੱਕ ਦੇਣੇ ਤੈਅ ਹੋਏ ਹਨ, ਜਿਸ 'ਚੋਂ 2 ਕਰੋੜ ਰੁਪਏ 19 ਅਗਸਤ ਨੂੰ, 3 ਕਰੋੜ ਰੁਪਏ 23 ਅਗਸਤ ਤੱਕ ਅਤੇ 10 ਕਰੋੜ 'ਚੋਂ ਬਾਕੀ ਰਹਿੰਦੇ 5 ਕਰੋੜ ਰੁਪਏ 31 ਅਗਸਤ ਤੱਕ ਕਿਸਾਨਾਂ ਦੇ ਖਾਤਿਆਂ 'ਚ ਪਾਏ ਜਾਣਗੇ। ਬਾਕੀ ਰਹਿੰਦੇ ਕਰੀਬ 16 ਕਰੋੜ 'ਚੋਂ 8 ਕਰੋੜ ਰੁਪਏ 15 ਸਤੰਬਰ ਤੱਕ ਅਤੇ ਬਾਕੀ 8 ਕਰੋੜ ਰੁਪਏ ਦੇ ਕਰੀਬ ਦੀ ਫਾਈਨਲ ਰਾਸ਼ੀ 25 ਸਤੰਬਰ ਤੱਕ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤੀ ਜਾਵੇਗੀ।

ਮਿੱਲ ਦੇ ਕੇਨ ਮੈਨੇਜਰ ਅਰੁਣ ਸ਼ਰਮਾ ਨੇ ਇਸ ਸਮਝੌਤੇ ਦੀ ਪੁਸ਼ਟੀ ਵੀ ਕੀਤੀ। ਇਸ ਲਿਖਤੀ ਸਮਝੌਤੇ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ। ਇਸ ਮੌਕੇ ਹਰਿੰਦਰ ਸਿੰਘ ਕਹੇਰੂ, ਸਤਵੰਤ ਸਿੰਘ, ਅਵਤਾਰ ਸਿੰਘ ਭੁੱਲਰਹੇੜੀ, ਗੁਰਪਾਲ ਸਿੰਘ ਆਦਿ ਵੀ ਮੌਜੂਦ ਸਨ।


cherry

Content Editor

Related News